ਸਵਰਾਜਬੀਰ
‘ਸ਼ਰਫ’ ਕਾਫ਼ਲੇ ਵਾਲੇ ਤੇ ਕੂਚ ਕਰ ਗਏ
ਬਾਕੀ ਛੱਡ ਗਏ ਨੇ ਦਾਸਤਾਨ ਏਥੇ।
ਭਾਰਤ ਮਾਤਾ ਦੇ ਸੱਚੇ ਸਪੂਤ ਪਿਆਰੇ
ਕੌਮ ਵਾਸਤੇ ਹੋਏ ਕੁਰਬਾਨ ਏਥੇ।
-ਬਾਬੂ ਫੀਰੋਜ਼ਦੀਨ ਸ਼ਰਫ਼
ਕੌਮਾਂ ਨੂੰ ਵਿਰਾਸਤ ਵਿਰਸੇ ’ਚ ਮਿਲਦੀ ਹੈ; ਆਪਣੇ ਸਮੂਹਿਕ ਇਤਿਹਾਸ ’ਚੋਂ। ਇਸ ਵਿਚ ਕੁਰਬਾਨੀਆਂ, ਜ਼ੁਲਮ ਤੇ ਜਬਰ ਸਹਿਣ ਦੀਆਂ ਯਾਦਾਂ, ਜਿੱਤਾਂ, ਸ੍ਵੈਮਾਣ ਦੇ ਪਲ, ਹਾਰਾਂ ਦੀ ਜ਼ਲਾਲਤ, ਲਿਖਤਾਂ, ਪੀੜ੍ਹੀ-ਦਰ-ਪੀੜ੍ਹੀ ਮੂੰਹ ਜ਼ਬਾਨੀ ਦੱਸੀਆਂ ਬਾਤਾਂ, ਲੋਕ-ਸਾਹਿਤ, ਇਮਾਰਤਾਂ, ਸਭ ਹਾਜ਼ਰ/ਮੌਜੂਦ ਹੁੰਦੇ ਹਨ। ਕੌਮਾਂ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਆਪਣੇ ਨਾਇਕਾਂ ਨੂੰ ਯਾਦ ਕਰਦੀਆਂ ਹਨ। ਕਈ ਸਥਾਨ ਕੁਝ ਖ਼ਾਸ ਘਟਨਾਵਾਂ ਕਾਰਨ ਇਤਿਹਾਸਕ ਬਣ ਜਾਂਦੇ ਹਨ। ਇਨ੍ਹਾਂ ਸਥਾਨਾਂ/ਇਮਾਰਤਾਂ ਵਿਚੋਂ ਕੁਝ ਸੁਖਾਂਤ ਅਤੇ ਜਿੱਤਾਂ ਦੀ ਕਹਾਣੀ ਦੱਸਦੇ ਹਨ ਅਤੇ ਕੁਝ ਬੀਤੇ ਵਿਚ ਵਾਪਰੇ ਦੁਖਾਂਤ ਦੀਆਂ, ਉਸ ਨਿੱਜੀ ਤੇ ਸਮੂਹਿਕ ਦੁੱਖ-ਦਰਦ ਦੀਆਂ, ਜੋ ਕਿਸੇ ਕੌਮ ਨੇ ਮਾੜੇ ਸਮਿਆਂ ਵਿਚ ਝੱਲਿਆ ਹੁੰਦਾ ਹੈ। ਜੱਲ੍ਹਿਆਂਵਾਲਾ ਬਾਗ਼ ਅਜਿਹੀ ਕੌਮੀ ਵਿਰਾਸਤ ਹੈ ਜਿੱਥੇ 13 ਅਪਰੈਲ 1919 ਵਿਸਾਖੀ ਵਾਲੇ ਦਿਨ ਸੈਂਕੜੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਣੀਆਂ ਜਾਨਾਂ ਵਾਰੀਆਂ। ਉਸ ਸਮੇਂ ਸਾਰੇ ਦੇਸ਼ ਵਿਚ ਰੌਲਟ ਐਕਟ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਸੀ। ਅੰਮ੍ਰਿਤਸਰ, ਦਿੱਲੀ, ਲਾਹੌਰ, ਗੁੱਜਰਾਂਵਾਲਾ, ਮੁੰਬਈ, ਕੋਲਕਾਤਾ ਅਤੇ ਹੋਰ ਬਹੁਤ ਸਾਰੀਆਂ ਥਾਵਾਂ ’ਤੇ ਵੱਡੇ ਵਿਰੋਧ ਹੋਏ ਸਨ ਅਤੇ ਕਈ ਥਾਵਾਂ ’ਤੇ ਪੁਲੀਸ ਨੇ ਗੋਲੀ ਚਲਾਈ ਸੀ। ਪੰਜਾਬ ਵਿਚ ਅੰਮ੍ਰਿਤਸਰ ਅਤੇ ਲਾਹੌਰ ਇਸ ਵਿਰੋਧ ਦੇ ਵੱਡੇ ਕੇਂਦਰ ਸਨ। ਪੰਜਾਬ ਵਿਚ ਜ਼ਿਆਦਾ ਵਿਰੋਧ ਇਸ ਲਈ ਹੋ ਰਿਹਾ ਸੀ ਕਿਉਂਕਿ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਨੇ ਰੌਲਟ ਐਕਟ ਬਣਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ। ਓ’ਡਵਾਇਰ ਦੀ ਦਲੀਲ ਸੀ ਕਿ ਗ਼ਦਰ ਪਾਰਟੀ ਕਾਰਨ ਪੰਜਾਬ ਦੇ ਲੋਕਾਂ ਵਿਚ ਅੰਗਰੇਜ਼ੀ ਸਾਮਰਾਜ ਵਿਰੁੱਧ ਰੋਹ ਪ੍ਰਚੰਡ ਹੋ ਚੁੱਕਾ ਸੀ ਅਤੇ ਉਨ੍ਹਾਂ ਨੂੰ ਕਾਬੂ ਵਿਚ ਰੱਖਣ ਲਈ ਹੋਰ ਸਖ਼ਤ ਕਾਨੂੰਨ (ਭਾਵ ਰੌਲਟ ਐਕਟ) ਬਣਾਉਣ ਦੀ ਜ਼ਰੂਰਤ ਸੀ ਜਿਸ ਤਹਿਤ ਸਰਕਾਰ ਕਿਸੇ ਨੂੰ ਵੀ ਮੁਕੱਦਮਾ ਚਲਾਏ ਬਗ਼ੈਰ ਹਿਰਾਸਤ ਵਿਚ ਰੱਖ ਸਕਦੀ ਹੋਵੇ। ਇਸ ਨੂੰ ਆਮ ਬੋਲਚਾਲ ਵਿਚ ‘ਨਾ ਅਪੀਲ, ਨਾ ਵਕੀਲ, ਨਾ ਦਲੀਲ’ ਵਾਲਾ ਕਾਨੂੰਨ ਕਿਹਾ ਜਾ ਰਿਹਾ ਸੀ।
ਅੰਮ੍ਰਿਤਸਰ ਵਿਚ ਇਸ ਕਾਨੂੰਨ ਦਾ ਵੱਡਾ ਵਿਰੋਧ ਹੋਇਆ ਜਿਸ ਦੀ ਅਗਵਾਈ ਡਾ. ਸੈਫ਼ੂਦੀਨ ਕਿਚਲੂ, ਡਾ. ਸਤਪਾਲ, ਚੌਧਰੀ ਬੱਗਾ ਮੱਲ, ਮਹਾਸ਼ਾ ਰਤਨ ਚੰਦ ਅਤੇ ਡਾ. ਹਾਫ਼ਜ਼ ਮੁਹੰਮਦ ਬਸ਼ੀਰ ਨੇ ਕੀਤੀ ਸੀ। 10 ਅਪਰੈਲ 1919 ਨੂੰ ਡਾ. ਕਿਚਲੂ ਅਤੇ ਡਾ. ਸਤਪਾਲ ਨੂੰ ਗ੍ਰਿਫ਼ਤਾਰ ਕਰ ਕੇ ਅਣਜਾਣੀ ਥਾਂ ’ਤੇ ਲਿਜਾਏ ਜਾਣ ਕਾਰਨ ਸ਼ਹਿਰ ਵਿਚ ਹਿੰਸਾ ਭੜਕੀ ਅਤੇ 11 ਅਪਰੈਲ ਨੂੰ ਸ਼ਹਿਰ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਤਿਹਾਸਕ ਹਵਾਲੇ ਦੱਸਦੇ ਹਨ ਕਿ ਕਿਵੇਂ ਲੋਕਾਂ ਨੂੰ ਇਹ ਜਾਣਕਾਰੀ ਕਿ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਹੈ, ਦਿੱਤੇ ਬਗ਼ੈਰ ਜਰਨਲ ਡਾਇਰ ਫ਼ੌਜ ਲੈ ਕੇ ਜੱਲ੍ਹਿਆਂਵਾਲੇ ਬਾਗ਼ ਪਹੁੰਚਿਆ ਜਿੱਥੇ ਵਿਸਾਖੀ ਵਾਲੇ ਦਿਨ ਰੌਲਟ ਐਕਟ ਵਿਰੁੱਧ ਜਲਸਾ ਹੋ ਰਿਹਾ ਸੀ। ਉਸ ਨੇ ਕੋਈ ਚਿਤਾਵਨੀ ਦਿੱਤੇ ਬਗ਼ੈਰ ਨਿਹੱਥੇ ਲੋਕਾਂ ’ਤੇ ਗੋਲੀ ਚਲਾਈ ਅਤੇ ਉਦੋਂ ਤਕ ਚਲਾਉਂਦਾ ਰਿਹਾ ਜਦ ਤਕ ਉੱਥੇ ਲਾਸ਼ਾਂ ਦੇ ਢੇਰ ਨਾ ਲੱਗ ਗਏ। ਲੋਕਾਂ ਨੇ ਖੂਹ ਵਿਚ ਛਾਲਾਂ ਮਾਰੀਆਂ, ਜ਼ਖ਼ਮੀ ਪਾਣੀ ਲਈ ਸਿਸਕਦੇ ਰਹੇ; ਕਿਸੇ ਨੂੰ ਡਾਕਟਰੀ ਸਹਾਇਤਾ ਨਾ ਦਿੱਤੀ ਗਈ। ਬਸਤੀਵਾਦ ਦਾ ਭਿਆਨਕ ਰੂਪ ਆਪਣੀ ਪੂਰੀ ਬਰਬਰਤਾ ਨਾਲ ਲੋਕਾਂ ਸਾਹਮਣੇ ਆਇਆ।
ਇਸ ਬਾਗ਼ ਨੂੰ ਕੌਮੀ ਵਿਰਾਸਤ ਦੇ ਰੂਪ ਵਿਚ ਸਾਂਭਣ ਲਈ ਇਹ ਥਾਂ ਮੁੱਲ ਲੈ ਲਈ ਗਈ ਅਤੇ ਇਸ ਦੀ ਸਾਂਭ-ਸੰਭਾਲ ਕਰਨ ਵਾਲੀ ਕਮੇਟੀ ਨੇ ਇਸ ਨੂੰ ਇਸ ਦੇ ਪੁਰਾਣੇ ਰੂਪ ਵਿਚ ਸਾਂਭ ਕੇ ਰੱਖਿਆ। ਇਸ ਬਾਗ਼ ਵਿਚ ਪੰਜਾਬ ਦੀ ਉੱਜੜੀ ਹੋਈ ਰੂਹ ਦੇ ਦੀਦਾਰ ਹੁੰਦੇ ਹਨ। ਇੱਥੇ ਸ਼ਹੀਦ ਹੋਏ ਲੋਕਾਂ ਦੀ ਯਾਦ ਵਿਚ ਕੌਮੀ ਲਾਟ ਬਣਾਈ ਗਈ ਪਰ ਇਸ ਤੋਂ ਸਿਵਾਏ ਬਾਕੀ ਸਭ ਕੁਝ ਉਵੇਂ ਹੀ ਸੀ ਜਿਵੇਂ 1919 ਦੇ ਵੇਲੇ। ਬਾਗ਼ ਅੰਦਰ ਦਾਖ਼ਲ ਹੋਣ ਵਾਲੀ ਭੀੜੀ ਸੁੰਨੀ ਗਲੀ ਵਿਚੋਂ ਲੰਘਦਿਆਂ ਹਰ ਕੋਈ ਮਹਿਸੂਸ ਕਰਦਾ ਸੀ ਕਿ ਇਹ ਉਹ ਭੀੜਾ ਰਸਤਾ ਸੀ ਜਿਸ ’ਚੋਂ ਲੰਘ ਕੇ ਪੰਜਾਬੀ ਉਸ ਜਲਸੇ ਵਿਚ ਗਏ ਸਨ ਅਤੇ ਜਦ ਅੰਗਰੇਜ਼ ਫ਼ੌਜਾਂ ਨੇ ਇਸ ਨੂੰ ਬੰਦ ਕਰਕੇ ਗੋਲਾਬਾਰੀ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲ ਭੱਜਣ ਲਈ ਕੋਈ ਰਾਹ ਨਹੀਂ ਸੀ ਬਚਿਆ। ਹੁਣ ਇਸ ਬਾਗ਼ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਸ ਸੁੰਨੀ ਗਲੀ ਦੀਆਂ ਕੰਧਾਂ ’ਤੇ ਮਿਊਰਲ ਬਣਾਏ ਗਏ ਹਨ। ਇਤਿਹਾਸ ’ਤੇ ਪੋਚਾ ਮਾਰਿਆ ਗਿਆ ਹੈ। ਚਿੰਤਕ, ਵਿਦਵਾਨ, ਸਮਾਜਿਕ ਕਾਰਕੁਨ, ਵਿਦਿਆਰਥੀ, ਨੌਜਵਾਨ, ਪੰਜਾਬੀ, ਦੇਸ਼ਵਾਸੀ, ਹੋਰ ਦੇਸ਼ਾਂ ਦੇ ਜਾਣਕਾਰ, ਸਭ ਇਹ ਪੁੱਛ ਰਹੇ ਹਨ ਕਿ ਸਰਕਾਰਾਂ ਅਤੇ ਸੰਸਥਾਵਾਂ ਨੂੰ ਵਿਰਾਸਤੀ ਇਮਾਰਤਾਂ ਤੇ ਸਥਾਨਾਂ ਦੀ ਦਿੱਖ ਵਿਗਾੜਨ ਦਾ ਅਧਿਕਾਰ ਕੌਣ ਦਿੰਦਾ ਹੈ। ਪੰਜਾਬ ਵਿਚ ਬਹੁਤ ਸਾਰੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਨਾਲ ਇੰਝ ਹੋਇਆ ਹੈ। ਉੱਥੇ ਸੰਗਮਰਮਰ ਲਗਾ ਦਿੱਤਾ ਗਿਆ ਜਾਂ ਉਸ ਥਾਂ ਨੂੰ ਨਕਲੀ ਵਿਰਾਸਤੀ ਦਿੱਖ ਦੇ ਦਿੱਤੀ ਗਈ। ਨਕਲੀ ਵਿਰਾਸਤੀ ਦਿੱਖ ਦੇਣ ਨਾਲ ਲੋਕਾਂ ਨੂੰ ਇਤਿਹਾਸ ਦਾ ਪਤਾ ਨਹੀਂ ਲੱਗਦਾ ਸਗੋਂ ਅਜਿਹੀ ਦਿੱਖ ਲੋਕਾਂ ਦੇ ਮਨਾਂ ਵਿਚ ਇਤਿਹਾਸ ਦਾ ਵਿਗੜਿਆ ਹੋਇਆ ਅਕਸ ਪੇਸ਼ ਕਰਦੀ ਹੈ; ਇਹ ਇਤਿਹਾਸ ਦਾ ਨਿਰਾਦਰ ਹੈ।
ਜੋ ਹੋਇਆ ਹੈ, ਉਸ ਲਈ ਅਸੀਂ ਖ਼ੁਦ ਵੀ ਕਸੂਰਵਾਰ ਹਾਂ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਸਾਡੇ ਤੋਂ ਇਹ ਸਵਾਲ ਪੁੱਛਣਗੀਆਂ ਕਿ ਜਦੋਂ ਇਹ ਹੋਇਆ ਤਾਂ ਤੁਸੀਂ ਜ਼ਿੰਦਾ ਸੀ; ਤੁਸੀਂ ਕੀ ਕੀਤਾ? ਸਾਡੇ ਵਿਚੋਂ ਕੋਈ ਕਹੇਗਾ ਕਿ ਉਹ ਕਿਤੇ ਹੋਰ ਰੁੱਝਿਆ ਸੀ, ਕੋਈ ਕਹੇਗਾ ਉਸ ਨੂੰ ਪੂਰੀ ਜਾਣਕਾਰੀ ਨਹੀਂ ਸੀ ਅਤੇ ਕੋਈ ਕਹੇਗਾ ਇਹ ਕੋਵਿਡ-19 ਦੀ ਮਹਾਮਾਰੀ ਦੌਰਾਨ ਹੋਇਆ। ਅਸੀਂ ਕਈ ਬਹਾਨੇ ਲਾਵਾਂਗੇ ਪਰ ਇਹ ਦਾਗ਼ ਧੋਤੇ ਨਹੀਂ ਜਾਣੇ। ਕੋਵਿਡ-19 ਦੀ ਮਹਾਮਾਰੀ ਕਾਰਨ ਤਾਂ ਸਾਡੇ ਪਿਆਰੇ ਮਿੱਤਰਾਂ, ਰਿਸ਼ਤੇਦਾਰਾਂ ਤੇ ਜਾਣਕਾਰਾਂ ਦੀਆਂ ਜਾਨਾਂ ਗਈਆਂ; ਉਹ ਦੁੱਖ ਵੀ ਵੱਡੇ ਹਨ ਪਰ ਕੋਵਿਡ-19 ਦੀ ਮਹਾਮਾਰੀ ਦੇ ਨਾਲ ਨਾਲ ਸਾਡੇ ਇਤਿਹਾਸ ਨੂੰ ਵਿਗਾੜਨ ਤੇ ਕਰੂਪ ਕਰਨ ਦੀ ਮਹਾਮਾਰੀ ਜੋ ਕਈ ਦਹਾਕਿਆ ਤੋਂ ਸਾਡੇ ਦੇਸ਼ ਵਿਚ ਪਨਪ ਰਹੀ ਹੈ, ਸਿਖ਼ਰਾਂ ’ਤੇ ਪਹੁੰਚੀ ਹੈ ਤੇ ਹੁਣ ਅਸੀਂ ਵੀ ਇਸ ਦਾ ਸ਼ਿਕਾਰ ਹੋਏ ਹਾਂ।
ਇਹ ਉਹ ਥਾਂ ਹੈ ਜਿੱਥੇ ਆ ਕੇ ਊਧਮ ਸਿੰਘ ਨੇ ਇੱਥੇ ਸ਼ਹੀਦ ਹੋਏ ਲੋਕਾਂ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ; ਇਹ ਉਹ ਥਾਂ ਹੈ ਜਿਸ ਦੀ ਮਿੱਟੀ ਭਗਤ ਸਿੰਘ ਲੈ ਕੇ ਗਿਆ ਸੀ; ਇਹ ਉਹ ਥਾਂ ਹੈ ਜਿੱਥੇ ਪੰਜਾਬ ਦੀ ਵੰਡ ਉੱਤੇ ਦਿਲਾਂ ਨੂੰ ਧੂਹ ਪਾਉਣ ਵਾਲੀਆਂ ਕਹਾਣੀਆਂ ਲਿਖਣ ਵਾਲਾ ਸਾਅਦਤ ਹਸਨ ਮੰਟੋ ਆਪਣੇ ਦੋਸਤਾਂ ਨਾਲ ਬੈਠ ਕੇ ਬੰਬ ਬਣਾਉਣ ਅਤੇ ਅੰਗਰੇਜ਼ਾਂ ਨੂੰ ਉਡਾਉਣ ਦੀਆਂ ਘਾੜਤਾਂ ਘੜਦਾ ਸੀ; ਇਹ ਉਹ ਥਾਂ ਹੈ ਜਿੱਥੋਂ ਅਨੇਕ ਵਾਰ ਨੌਜਵਾਨਾਂ, ਵਿਦਿਆਰਥੀਆਂ, ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਲੇਖਕਾਂ ਅਤੇ ਹੋਰਨਾਂ ਨੇ ਆਪਣੇ ਹੱਕਾਂ ਲਈ ਅੰਦੋਲਨ ਸ਼ੁਰੂ ਕੀਤੇ। ਇਸ ਥਾਂ ’ਤੇ ਆ ਕੇ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਦੇ ਅਹਿਦ ਕੀਤੇ ਜਾਂਦੇ ਰਹੇ ਹਨ; ਇਹ ਥਾਂ ਪੰਜਾਬੀਆਂ ਲਈ ਕਦੇ ਵੀ ਸੈਰ ਸਪਾਟੇ ਜਾਂ ਜਸ਼ਨ ਵਾਲੀ ਥਾਂ ਨਹੀਂ ਰਹੀ। ਇਹ ਉਹ ਥਾਂ ਹੈ ਜਿਸ ਨੂੰ ਪੰਜਾਬੀ ਕਵੀਆਂ ਨੇ ‘ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ’ ਕਹਿ ਕੇ ਯਾਦ ਕੀਤਾ ਸੀ। ਉਹ ਕਵਿਤਾਵਾਂ ਪੜ੍ਹਦਿਆਂ ਦਿਲ ’ਚੋਂ ਰੁਗ ਭਰਿਆ ਜਾਂਦਾ ਹੈ। ਬਾਬੂ ਫੀਰੋਜ਼ਦੀਨ ਸ਼ਰਫ਼ ਨੇ ਲਿਖਿਆ ਸੀ:
ਜ਼ਾਲਮ ਜਨਮ ਕਸਾਈਆਂ ਨੇ ਹਿੰਦੀਆਂ ਨੂੰ
ਵਾਂਗ ਬੱਕਰੇ ਕੀਤਾ ਕੁਰਬਾਨ ਏਥੇ।
ਕਿਧਰੇ ਤੜਫ਼ਦੇ ਸਨ ਤੇ ਕਿਤੇ ਸੈਹਕਦੇ ਸਨ
ਕਿਧਰੇ ਵਿਲਕਦੇ ਸਨ ਨੀਮ ਜਾਨ ਏਥੇ।
ਜ਼ਖ਼ਮੀ ਪਾਣੀ ਬਿਨ ਮੱਛੀਆਂ ਵਾਂਗ ਤੜਫੇ
ਨਾਲ ਖ਼ੂਨ ਦੇ ਹੋਏ ਰਵਾਨ ਏਥੇ।
ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ
ਓਹ ‘ਰਹੀਮ’ ‘ਕਰਤਾਰ’ ‘ਭਗਵਾਨ’ ਏਥੇ।
ਹੋਏ ‘ਜ਼ਮਜ਼ਮ’ ਤੇ ‘ਗੰਗਾ’ ਇਕ ਥਾਂ ‘ਕੱਠੇ’
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
ਫੀਰੋਜ਼ਦੀਨ ਸ਼ਰਫ਼ ਦਾ ਵਿਰਲਾਪ ਡਾਢਾ ਡੂੰਘਾ ਤੇ ਇਤਿਹਾਸਮੁਖੀ ਸੀ :
ਵੇਖੀ ‘ਗੁਰੂ ਦੀ ਨਗਰੀ’ ਨਾ ਪਾਪੀਆਂ ਨੇ
ਅੰਨ੍ਹੇ ਹੋਏ ਸਨ ’ਜੇਹੇ ਨਾਦਾਨ ਏਥੇ।
ਕੋਲ ‘ਤਖ਼ਤ ਅਕਾਲ’ ਬਰਾਜਦਾ ਏ
ਇਹ ਵੀ ਕੀਤਾ ਨਾ ਜ਼ਾਲਮਾਂ ਧਿਆਨ ਏਥੇ।
ਅੱਜ ਇਹ ਉਹਨਾਂ ਨੂੰ ਕੈਹਣ ਸ਼ਹੀਦ ਰੋ ਰੋ
‘ਲਾਲਾ’, ‘ਖ਼ਾਲਸਾ’ ਤੇ ਬੈਠੇ ‘ਖ਼ਾਨ’ ਏਥੇ।
ਕੇਹੜੇ ਜੁੱਗ ਵਿਚ ਲਾਹੋਗੇ ਸਿਰਾਂ ਉੱਤੋਂ
ਜੇਹੜੇ ‘ਡਾਇਰ’ ਨੇ ਚਾੜ੍ਹੇ ਐਸਾਨ ਏਥੇ।
ਪਾ ਪਾ ਖ਼ੂਨ ਸ਼ਹੀਦਾਂ ਦਾ ਡੁੱਲ੍ਹਿਆ ਏ
ਆਵੇ ਅਦਬ ਦੇ ਨਾਲ ਇਨਸਾਨ ਏਥੇ।
ਘੱਟੇ ਮਿੱਟੀ ਅੰਦਰ ‘ਸ਼ਰਫ’ ਰੁਲੀ ਹੋਈ ਏ
ਸਾਡੇ ਸਾਰੇ ਪੰਜਾਬ ਦੀ ਸ਼ਾਨ ਏਥੇ।
ਵਿਧਾਤਾ ਸਿੰਘ ਤੀਰ ਨੇ ਲਿਖਿਆ ਸੀ :
ਜ਼ਰੇ ਜ਼ਰੇ ਤੋਂ ਟਪਕਦੇ ਗਏ ਹੰਝੂ
ਨਾਲ ਖ਼ੂਨ ਦੇ ਰੰਗੀਆਂ ਗਲੀਆਂ ਨੇ।
ਹੋਈ ਜ਼ੁਲਮ ਬੇਦਾਦ ਦੀ ਹੱਦ ਏਥੇ
ਭਰਨ ਹਾਮੀਆਂ ਗੁਲਸ਼ਨਾਂ ਕਲੀਆਂ ਨੇ।
ਬੂਟੇ ਬ੍ਰਿਛ ਪਏ ਅਜੇ ਫਰਿਆਦ ਕਰਦੇ
ਧਾਈਂ ਮਾਰਦਾ ਪਿਆ ਮੈਦਾਨ ਏਥੇ।
ਵਰ੍ਹੇ ‘ਤੀਰ’ ਬੇਦੋਸ਼ਿਆਂ ਆਜ਼ਜ਼ਾਂ ’ਤੇ
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
ਈਸ਼ਰ ਦਾਸ ਪੁਰੀ ਨੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਸੀ:
ਦੁਖੀ ਸਾਡੇ ਸੀਨੇ
ਜ਼ਖ਼ਮ ਹੋਏ ਨੀ ਕੀਨੇ।
ਹੈਂ ਤਾਜੇ ਲਹੂ ਭਿਨੇ
ਦਸਾਂ ਸੀਨਾਂ ਜੇ ਖੋਲ।
ਕਲਗੀ ਵਾਲਿਆ ਗੁਰੂਆ
ਅੱਜ ਤੇਰੀ ਹੈ ਲੋੜ।
ਇਸ ਮੌਕੇ ’ਤੇ ਪੰਜਾਬੀ, ਨਾਵਲਕਾਰ ਨਾਨਕ ਸਿੰਘ ਨੇ ਕਵਿਤਾ ਦੀ ਕਿਤਾਬ ‘ਖ਼ੂਨੀ ਵਿਸਾਖੀ’ ਲਿਖੀ ਸੀ। ਉਹ ਇਸ ਸਾਕੇ ਤੋਂ ਇਕ ਦਿਨ ਬਾਅਦ (14 ਅਪਰੈਲ, 1919) ਦੇ ਹਾਲ ਕੁਝ ਏਦਾਂ ਲਿਖਦਾ ਹੈ:
ਚੌਦਾਂ ਤ੍ਰੀਕ ਜਾ ਕੇ ਸ਼ੈਹਰ ਵਾਸੀਆਂ ਨੇ
ਲੋਥਾਂ ਆਨ ਸ਼ਹੀਦਾਂ ਦੀਆਂ ਕੱਢੀਆਂ ਜੀ।
ਭਲਾ ਚੁੱਕਿਆਂ ਕਿੱਥੋਂ ਤੱਕ ਪਵੇ ਪੂਰੀ
ਆਖਰ ਲੱਦਕੇ ਆਂਦੀਆਂ ਗੱਡੀਆਂ ਜੀ।
ਥਾਂ ਥਾਂ ਲੋਥਾਂ ਦੇ ਢੇਰ ਲਗਾਇ ਦਿੱਤੇ
ਵਿਚੇ ਛੋਟੀਆਂ ਤੇ ਵਿਚੇ ਵੱਡੀਆਂ ਜੀ।
ਅਗਨ ਦੇਵਤਾ ਅੱਜ ਨਿਹਾਲ ਹੋਯਾ
ਲਾਟਾਂ ਵੇਖ ਅਸਮਾਨ ਤਕ ਛੱਡੀਆਂ ਜੀ।
ਮੁਸਲਮਾਨਾਂ ਨੇ ਕੱਢਕੇ ਅੱਡ ਮੁਰਦੇ
ਕਬਰਸਤਾਨ ਦੇ ਵਿਚ ਪਹੁੰਚਾ ਦਿੱਤੇ।
ਅੱਜ ਚਾੜ੍ਹਕੇ ਜੰਞ ਸਭ ਲਾੜਿਆਂ ਦੀ
ਮਾਨੋ ਮੌਤ ਦੇ ਨਾਲ ਪਰਨਾ ਦਿੱਤੇ।
ਉਸ ਸਮੇਂ ਰਣਜੀਤ ਸਿੰਘ ਤਾਜਵਰ ਨੇ ਲਿਖਿਆ ਸੀ, ‘‘ਉਠ ਮਰਦਾਨਿਆ ਤੂੰ ਛੇੜ ਖਾਂ ਰਬਾਬ ਭਾਈ, ‘ਖ਼ੂਨ ਦੇ ਕਬਿਤ’ ਤੈਨੂੰ ਬੋਲ ਕੇ ਸੁਣਾਈਏ।’’ ਖ਼ੂਨ ਦੇ ਇਹ ਕਬਿੱਤ ਪੰਜਾਬੀਆਂ ਤੇ ਦੇਸ਼ਵਾਸੀਆਂ ਦੇ ਦਿਲਾਂ ਵਿਚ ਲਿਖੇ ਹੋਏ ਹਨ। ਇਹ ਬੋਲ ਸੰਘਰਸ਼ ਕਰ ਰਹੇ ਲੋਕਾਂ ਦੇ ਮਨਾਂ ਦੀਆਂ ਸਲੇਟਾਂ ’ਤੇ ਉੱਕਰੇ ਹੋਏ ਹਨ; ਹਾਕਮਾਂ ਦੇ ਹੱਥ ਉੱਥੇ ਤਕ ਨਹੀਂ ਪਹੁੰਚ ਸਕਦੇ। ਲੋਕ ਹਿੱਤਾਂ ਲਈ ਸੰਘਰਸ਼ ਹੀ ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਅਸਲੀ ਸ਼ਰਧਾਂਜਲੀ ਹੈ। ਜੱਲ੍ਹਿਆਂਵਾਲੇ ਬਾਗ਼ ਦੀ ਵਿਰਾਸਤ ਦੇ ਸੰਘਰਸ਼ ਨੂੰ ਵਰਤਮਾਨ ਵਿਚ ਜਾਰੀ ਰੱਖਣਾ ਅਜਿਹੀ ਲਗਾਤਾਰ ਵਿਕਾਸ ਕਰਦੀ ਯਾਦਗਾਰ ਹੈ ਜਿਸ ਨੂੰ ਕੋਈ ਫ਼ਰਜ਼ੀ ਜਾਂ ਨਕਲੀ ਦਿੱਖ ਨਹੀਂ ਦਿੱਤੀ ਜਾ ਸਕਦੀ।