ਨਿੱਜੀ ਪੱਤਰ ਪ੍ਰੇਰਕ/ ਪੱਤਰ ਪ੍ਰੇਰਕ
ਬਰਨਾਲਾ/ ਧਨੌਲਾ, 2 ਅਗਸਤ
ਜ਼ਿਲਾ ਪੁਲੀਸ ਮੁਖੀ ਸੰਦੀਪ ਮਲਿਕ ਦੀ ਅਗਵਾਈ ’ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ (ਲੜਕੇ) ਵਿਖੇ ਚਾਰ ਰੋਜ਼ਾ ਬਾਸਕਟਬਾਲ ਲੀਗ ਮੈਚ ਸ਼ੁਰੂ ਕਰਵਾਏ ਗਏ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਿਰਕਤ ਕੀਤੀ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਕੰਕਰੀਟ ਦੀਆਂ ਬਿਲਡਿੰਗਾਂ ਤਾਂ ਉਸਾਰ ਦਿੱਤੀਆਂ ਪਰ ਖੇਡਣ ਲਈ ਖਿਡਾਰੀਆਂ ਨੂੰ ਸਹੂਲਤਾਂ ਤੋਂ ਵਾਂਝਾ ਰੱਖਿਆ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਵ ਖੇਡਾਂ, ਸਿੱਖਿਆ, ਸਿਹਤ ਸੇਵਾਵਾਂ ਅਤੇ ਸੁਰੱਖਿਅਤ ਮਾਹੌਲ ਸਿਰਜਣਾ ਹੈ। ਮੀਤ ਹੇਅਰ ਨੇ ਕਿਹਾ ਕਿ ਸੂਬੇ ਦੇ ਹਰ ਸਰਕਾਰੀ ਸਕੂਲ ’ਚ ਵਧੀਆ ਖੇਡ ਮੈਦਾਨ ਬਣਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਇਹ ਲੀਗ ਮੈਚ 2 ਅਗਸਤ ਤੋਂ 5 ਅਗਸਤ ਤੱਕ ਚੱਲਣਗੇ ਅਤੇ ਕੁੱਲ 16 ਮੈਚ ਇਨ੍ਹਾਂ ਟੀਮਾਂ ਵਿਚਕਾਰ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਤੋਂ ਇਲਾਵਾ ਐੱਸਪੀ (ਡੀ) ਰਮਨੀਸ਼ ਚੌਧਰੀ ਡੀਐਸਪੀ ਸਤਬੀਰ ਸਿੰਘ, ਡੀਐੱਸਪੀ ਗੁਰਬਚਨ ਸਿੰਘ, ਡੀਐੱਸਪੀ ਗਮਦੂਰ ਸਿੰਘ ਮੌਜੂਦ ਸਨ।