ਯੈਂਗੌਨ, 7 ਮਾਰਚ
ਫ਼ੌਜੀ ਰਾਜ ਪਲਟੇ ਦਾ ਸ਼ਿਕਾਰ ਮਿਆਂਮਾਰ ਵਿਚ ਪੁਲੀਸ ਨੇ ਅੱਜ ਮੁਜ਼ਾਹਰਾਕਾਰੀਆਂ ’ਤੇ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਰੋਸ ਜ਼ਾਹਿਰ ਕਰ ਰਹੇ ਲੋਕਾਂ ’ਤੇ ਫਾਇਰਿੰਗ ਬਗਾਨ ਸ਼ਹਿਰ ਵਿਚ ਕੀਤੀ ਗਈ ਹੈ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਕੁਝ ਰਿਪੋਰਟਾਂ ਮੁਤਾਬਕ ਪੁਲੀਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਹਨ। ਇਹ ਸ਼ਹਿਰ ਮੰਡਾਲੇ ਖੇਤਰ ਵਿਚ ਪੈਂਦਾ ਹੈ ਤੇ ਇਸ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ। ਇਹ ਬਰਮਾ (ਹੁਣ ਮਿਆਂਮਾਰ) ਦੀ ਰਾਜਧਾਨੀ ਰਹਿ ਚੁੱਕਾ ਹੈ। ਸ਼ਹਿਰ ਵਿਚ ਪਹਿਲਾਂ ਤੋਂ ਹੀ ਜ਼ੋਰਦਾਰ ਰੋਸ ਮੁਜ਼ਾਹਰੇ ਹੋ ਰਹੇ ਹਨ। ਹੋਰਨਾਂ ਸ਼ਹਿਰਾਂ ਵਿਚ ਵੀ ਪੁਲੀਸ ਵੱਲੋਂ ਲੋਕਾਂ ਖ਼ਿਲਾਫ਼ ਤਾਕਤ ਵਰਤੀ ਜਾ ਰਹੀ ਹੈ। 28 ਫਰਵਰੀ ਨੂੰ ਚਲਾਈ ਗਈ ਗੋਲੀ ’ਚ ਕਰੀਬ 18 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਬੁੱਧਵਾਰ ਵੀ ਦਰਜਨਾਂ ਲੋਕ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਮੁਤਾਬਕ ਕਰੀਬ 1500 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਯੈਂਗੌਨ ਤੇ ਮੰਡਾਲੇ ਵਿਚ ਵੀ ਪੁਲੀਸ ਨੇ ਲੋਕਾਂ ’ਤੇ ਗੋਲੀ ਚਲਾਈ ਹੈ। ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ, ਰਬੜ ਦੀਆਂ ਗੋਲੀਆਂ ਤੇ ਹੋਰ ਢੰਗ-ਤਰੀਕੇ ਵੀ ਵਰਤੇ ਗਏ ਹਨ। ਰਿਪੋਰਟਾਂ ਮੁਤਾਬਕ ਪੁਲੀਸ ਨੇ ਮੁਜ਼ਾਹਰਿਆਂ ਦਾ ਪ੍ਰਬੰਧ ਕਰਨ ਵਾਲਿਆਂ ’ਤੇ ਛਾਪੇ ਵੀ ਮਾਰੇ ਹਨ ਤੇ ਗ੍ਰਿਫ਼ਤਾਰੀ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਆਂਗ ਸਾਂ ਸੂ ਕੀ ਦੀ ਪਾਰਟੀ ਐਨਐਲਡੀ ਦਾ ਇਕ ਵਾਰਡ ਚੇਅਰਮੈਨ ਫ਼ੌਜੀ ਹਸਪਤਾਲ ਵਿਚ ਮ੍ਰਿਤਕ ਮਿਲਿਆ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੌਤ ਤਸ਼ੱਦਦ ਕਾਰਨ ਹੋਈ ਹੈ। -ਏਪੀ
ਰਾਜ ਪਲਟੇ ’ਚ ਕੋਈ ਭੂਮਿਕਾ ਹੋਣ ਦਾ ਚੀਨ ਵੱਲੋਂ ਖੰਡਨ
ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਗੁਆਂਢੀ ਮੁਲਕ ਮਿਆਂਮਾਰ ਵਿਚ ਸੰਕਟ ਦੇ ਹੱਲ ਲਈ ਉਹ ‘ਸਾਰੀਆਂ ਸਬੰਧਤ ਧਿਰਾਂ’ ਨਾਲ ਤਾਲਮੇਲ ਕਰਨ ਲਈ ਤਿਆਰ ਹੈ। ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨੇ ਕਿਹਾ ਕਿ ਉਹ ਕਿਸੇ ਦਾ ਵੀ ਪੱਖ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਮਿਆਂਮਾਰ ਵਿਚ ਜੋ ਇਸ ਵੇਲੇ ਸਥਿਤੀ ਹੈ, ਚੀਨ ਉਸ ਦੇ ਪੱਖ ਵਿਚ ਨਹੀਂ ਹੈ। ਫ਼ੌਜੀ ਰਾਜ ਪਲਟੇ ਨਾਲ ਚੀਨ ਦਾ ਕੋਈ ਲੈਣਾ-ਦੇਣਾ ਨਹੀਂ ਹੈ। -ਰਾਇਟਰਜ਼