ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਪਰੈਲ
ਸਨਅਤੀ ਸ਼ਹਿਰ ਵਿੱਚ ਹੁਣ ਨਹਿਰੀ ਪਾਣੀ ਯੋਜਨਾ ਦੇ ਤਹਿਤ ਲੁਧਿਆਣਾ ਦੇ 12 ਵਾਰਡਾਂ ਵਿੱਚ 15 ਪਾਣੀ ਦੀਆਂ ਨਵੀਆਂ ਟੈਂਕੀਆਂ ਬਣਨਗੀਆਂ, ਜਿਸਦੇ ਲਈ ਨਗਰ ਨਿਗਮ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਿੰਡ ਬਿਲਗਾ ਨੇੜੇ ਨਿਗਮ ਨੇ ਨਹਿਰੀ ਪਾਣੀ ਦੀ ਯੋਜਨਾ ਲਈ ਜ਼ਮੀਨ ਖਰੀਦੀ ਹੈ, ਇਸ ਯੋਜਣਾ ਨਾਲ ਸ਼ਹਿਰ ਨੂੰ 24 ਘੰਟੇ ਪਾਣੀ ਦੀ ਸਪਲਾਈ ਮਿਲੇਗੀ। ਪਹਿਲੇ ਪੜਾਅ ’ਚ ਸ਼ਹਿਰ ਦੇ 12 ਵਾਰਡਾਂ ’ਚ 15 ਦੇ ਕਰੀਬ ਓਵਰਹੈੱਡ ਟੈਂਕ ਬਣਾਉਣ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਚਾਰ ਅਪਰੈਲ ਨੂੰ ਟੈਂਡਰ ਖੋਲ੍ਹਿਆ ਜਾਵੇਗਾ ਅਤੇ ਇਸ ਤੋਂ ਬਾਅਦ ਵਰਕ ਆਰਡਰ ਜਾਰੀ ਹੋਵੇਗਾ। ਇਸ ’ਤੇ ਕਰੀਬ 15 ਕਰੋੜ ਰੁਪਏ ਖਰਚ ਹੋਣਗੇ। ਇਸਦੇ ਨਾਲ ਹੀ ਨਿਗਮ ਨੇ ਬਿਲਗਾ ’ਚ ਵਾਟਰ ਟਰੀਟਮੈਂਟ ਪਲਾਂਟ ਦੇ ਟੈਂਡਰ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੇ ਹਨ। ਜਲਦੀ ਹੀ ਇਸਦੇ ਟੈਂਡਰ ਵੀ ਜਾਰੀ ਹੋ ਸਕਦੇ ਹਨ। ਨਿਗਮ 24 ਘੰਟੇ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਨੂੰ 6 ਸਾਲ ’ਚ ਪੂਰਾ ਕਰੇਗਾ। ਇਸ ਪ੍ਰਾਜੈਕਟ ’ਤੇ ਦੋ ਪੜਾਅ ਵਿੱਚ ਕੰਮ ਹੋਵੇਗਾ। ਪਹਿਲੇ ਪੜਾਅ ’ਚ ਕਰੀਬ 1200 ਕਰੋੜ ਰੁਪਏ ਦੇ ਕੰਮ ਹੋਣੇ ਹਨ, ਜਦੋਂਕਿ ਦੂਸਰੇ ਪੜਾਅ ’ਚ 2200 ਕਰੋੜ ਦੇ ਕੰਮ ਕੀਤੇ ਜਾਣੇ ਹਨ। ਪਹਿਲੇ ਪੜਾਅ ਤਹਿਤ ਨਗਰ ਨਿਗਮ ਨੇ ਬਿਲਗਾ ’ਚ 54 ਕਰੋੜ ਦੀ ਜ਼ਮੀਨ ਖਰੀਦ ਲਈ ਹੈ।
ਪਿੰਡ ਬਿਲਗਾ ਦੇ ਕੋਲ 580 ਐੱਮ.ਐੱਲ.ਡੀ. ਦਾ ਟਰੀਟਮੈਂਟ ਪਲਾਂਟ ਲੱਗੇਗਾ। ਦੋਰਾਹਾ ਨਹਿਰ ਤੋਂ ਪਹਿਲਾਂ ਪਾਈਪਲਾਈਨ ਦੇ ਰਾਹੀਂ ਪਾਣੀ ਟਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਜਾਵੇਗਾ। ਟਰੀਟ ਕੀਤੇ ਪਾਣੀ ਨੂੰ 175 ਕਿਲੋਮੀਟਰ ਲੰਬੀ ਪਾਈਪਲਾਈਨਾਂ ਦੇ ਰਾਹੀਂ ਸ਼ਹਿਰ ’ਚ ਬਣਨ ਵਾਲੀਆਂ ਇਨ੍ਹਾਂ ਟੈਂਕੀਆਂ ਤੱਕ ਪਹੁੰਚਾਇਆ ਜਾਏਗਾ।