ਨਵੀਂ ਦਿੱਲੀ, 9 ਅਗਸਤ
ਕੇਂਦਰ ਸਰਕਾਰ ਨੇ ਪੈਗਾਸਸ ਤੇ ਖੇਤੀ ਕਾਨੂੰਨਾਂ ਸਮੇਤ ਹੋਰਨਾਂ ਮੁੱੱਦਿਆਂ ’ਤੇ ਪਏ ਰੌਲੇ-ਰੱਪੇ ਦਰਮਿਆਨ ਛੇ ਬਿੱਲ ਅੱਜ ਲੋਕ ਸਭਾ ਵਿੱਚ ਪੇਸ਼ ਕੀਤੇ, ਜਿਨ੍ਹਾਂ ਵਿੱਚੋਂ ਤਿੰਨ ਨੂੰ ਉਹ ਪਾਸ ਕਰਵਾਉਣ ਵਿੱਚ ਵੀ ਸਫ਼ਲ ਰਹੀ। ਉਧਰ ਕਾਂਗਰਸ ਨੇ ਸਰਕਾਰ ਦੀ ਇਸ ਪੇਸ਼ਕਦਮੀ ਨੂੰ ‘ਜਮਹੂਰੀਅਤ ਦਾ ਕਤਲ’ ਦੱਸਿਆ ਹੈ। ਜਿਹੜੇ ਤਿੰਨ ਬਿੱਲ ਅੱਜ ਹੇਠਲੇ ਸਦਨ ਵਿੱਚ ਪਾਸ ਹੋਏ, ਉਨ੍ਹਾਂ ਵਿੱਚ ‘ਦਿ ਲਿਮਿਟਡ ਲਾਇਬਿਲਟੀ ਪਾਰਟਨਰਸ਼ਿਪ (ਸੋਧ) ਬਿੱਲ 2021, ਦਿ ਇੰਸ਼ੋਰੈਂਸ ਤੇ ਕਰੈਡਿਟ ਗਾਰੰਟੀ ਕੌਰਪੋਰੇਸ਼ਨ (ਸੋਧ) ਬਿੱਲ 2021 ਤੇ ਦਿ ਕੌਂਸਟੀਟਿਊਸ਼ਨ (ਅਨੁਸੂਚਿਤ ਕਬੀਲੇ) ਆਰਡਰ (ਸੋਧ) ਬਿੱਲ 2021 ਸ਼ਾਮਲ ਹਨ। ਰਾਸ਼ਟਰੀ ਸਮਤਾ ਪਾਰਟੀ ਦੇ ਐੱਨ.ਕੇ.ਪ੍ਰੇਮਚੰਦਰਨ ਨੇ ਕਿਹਾ ਕਿ ਇਨ੍ਹਾਂ ਤਿੰਨ ਬਿੱਲਾਂ ਨੂੰ ਪਾਸ ਕਰਨ ਲਈ ਦਸ ਮਿੰਟ ਲੱਗੇ, ਜਿੰਨਾ ਕੁ ਸਮਾਂ ਤਿੰਨ ‘ਡੋਸੇ ਬਣਾਉਣ ਨੂੰ’ ਲਗਦਾ ਹੈ। ਲੋਕ ਸਭਾ ਵਿੱਚ ਅੱਜ ਲਗਾਤਾਰ ਪੈਗਾਸਸ ਤੇ ਹੋਰਨਾਂ ਮੁੱਦਿਆਂ ’ਤੇ ਰੌਲਾ-ਰੱਪਾ ਪੈਂਦਾ ਰਿਹਾ, ਪਰ ਸਰਕਾਰ ਨੇ ਇਸ ਦੇ ਬਾਵਜੂਦ ਦੋ ਹੋਰ ਬਿੱਲ- ਦਿ ਨੈਸ਼ਨਲ ਕਮਿਸ਼ਨ ਫਾਰ ਹੋਮਿਓਪੈਥੀ (ਸੋਧ) ਬਿੱਲ 2021 ਤੇ ਦਿ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ (ਸੋਧ) ਬਿੱਲ 2021 ਵੀ ਪੇਸ਼ ਕੀਤੇ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਨੇ ਸਦਨ ਵਿੱਚ ਪੈਂਦੇ ਰੌਲੇ-ਰੱਪੇ ਦਰਮਿਆਨ ਜਿਸ ਤਰ੍ਹਾਂ ਆਪਣਾ ਇਹ ਵਿਧਾਨਕ ਏਜੰਡਾ ਲਿਆਂਦਾ ਹੈ, ਉਹ ਜਮਹੂਰੀਅਤ ਦਾ ਕਥਿਤ ‘ਕਤਲ’ ਕਰਨ ਦੇ ਬਰਾਬਰ ਹੈ। -ਪੀਟੀਆਈ