ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 2 ਜੂਨ
ਪਿੰਡ ਰਾਮਾ ਵਿੱਚ ਕੇਬਲ ਚੋਰੀ ਦੇ ਮਾਮਲੇ ਤੇ ਆੜ੍ਹਤੀਆਂ ਦੇ ਪੈਸੇ ਮੋੜਨ ਦੇ ਮਾਮਲੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਲੋਕਲ ਆਗੂਆਂ ’ਚ ਚੱਲ ਰਿਹਾ ਖਿੱਚੋਤਾਣ ਦਾ ਮਾਮਲਾ ਰੈਲੀਆਂ ਦੇ ਰੂਪ ਵਿੱਚ ਸਾਹਮਣੇ ਆ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਰਾਮਾ ਸਥਿਤ ਦਾਣਾ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੂਜੀ ਕਿਸਾਨ ਜਥੇਬੰਦੀ ਦੇ ਪਿੰਡ ਦੇ ਆਗੂ ਵੱਲੋਂ ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਨੂੰ ਪਿੰਡ ਰਾਮਾ ਵਿੱਚ ਪੈਰ ਵੀ ਰੱਖ ਕੇ ਵਿਖਾਉਣ ਦੀ ਧਮਕੀ ਦੇਣ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਆੜ੍ਹਤੀਏ ਦੀ ਧਿਰ ਬਣਿਆ ਹੋਇਆ ਹੈ ਅਤੇ ਸਾਡੇ ਬਲਾਕ ਪ੍ਰਧਾਨ ਗੁਰਚਰਨ ਰਾਮਾ ’ਤੇ ਝੂਠਾ ਕੇਬਲ ਚੋਰੀ ਦਾ ਪਰਚਾ ਵੀ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਅਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ। ਉਨ੍ਹਾਂ ਘਟ ਰਹੇ ਪਾਣੀਆਂ ਦੇ ਪੱਧਰ ਬਾਰੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਥੇਬੰਦੀ ਪੰਜ ਜੂਨ ਤੋਂ ਦਸ ਜੂਨ ਤੱਕ ਲੋਕਾਂ ਨੂੰ ਪਾਣੀ ਬਚਾਉਣ ਲਈ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਵਾਟਰ ਵਰਕਸਾਂ ’ਤੇ ਧਰਨੇ ਦੇਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ, ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਵੀ ਸੰਬੋਧਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵੀ ਰਾਮਾ ਵਿੱਚ ਕਿਸਾਨ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਰਾਮਾ ਨੇ ਉਗਰਾਹਾਂ ਦੇ ਆਗੂਆ ’ਤੇ ਆੜ੍ਹਤੀਆਂ ਦੇ ਪੈਸੇ ਮੁਕਰਾਉਣ ਤੇ ਲੱਤਾਂ ਭੰਨਣ ਦੀ ਧਮਕੀ ਦੇਣ ਦਾ ਦੋਸ਼ ਲਗਾਇਆ। ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਜਥੇਬੰਦਕ ਢੰਗ ਨਾਲ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਸਰਕਾਰ ਤੋਂ ਫ਼ਸਲਾਂ ਦੇ ਮਅੁਵਜ਼ੇ ਦੀ ਵੀ ਮੰਗ ਕੀਤੀ। ਇਸ ਮੌਕੇ ਜਗਤਾਰ ਸਿੰਘ ਦੇਹੜਕਾ, ਮੁਖਤਿਆਰ ਸਿੰਘ ਭਾਗੀਕੇ ਆਦਿ ਨੇ ਵੀ ਸੰਬੋਧਨ ਕੀਤਾ।