ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 7 ਮਾਰਚ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਬ ਕਲਾ ਸੰਪੂਰਨ ਸਕੂਲਾਂ ਦੀ ਕੀਤੀ ਗਈ ਦਰਜਾਬੰਦੀ ’ਚ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਨੇ ਰਾਜ ਭਰ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪਿੱਤਰੀ ਸ਼ਹਿਰ ਤੇ ਵਿਧਾਨ ਸਭਾ ਹਲਕੇ ਦੇ ਇਸ ਸਕੂਲ ਨੇ ਪਿਛਲੇ ਕੁਝ ਸਾਲਾਂ ’ਚ ਹਰ ਪੱਖੋਂ ਜੋ ਬੁਲੰਦੀਆਂ ਨੂੰ ਛੂਹਿਆ ਹੈ, ਉਸ ਦੇ ਆਧਾਰ ’ਤੇ ਹੀ ਇਸ ਸਕੂਲ ਨੇ ਰਾਜ ਦੇ 1849 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਸਕੱਤਰ (ਸਕੂਲ ਸਿੱਖਿਆ) ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ ਰਾਜ ਦੇ ਸਰਕਾਰੀ ਸਕੂਲਾਂ ਨੂੰ ਸਰਬ ਕਲਾ ਸੰਪੂਰਨ ਬਣਾਉਣ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ’ਚ ਮੁਕਾਬਲੇਬਾਜ਼ੀ ਪੈਦਾ ਕਰਨ ਹਿੱਤ ਸਿੱਖਿਆ ਵਿਭਾਗ ਵੱਲੋਂ ਦਰਜਾਬੰਦੀ ਆਰੰਭ ਕੀਤੀ ਗਈ ਹੈ ਜਿਸ ਦੇ ਬਹੁਤ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਕੂਲਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਵਿਭਾਗ ਵੱਲੋਂ ਵਿੱਦਿਅਕ ਗੁਣਵੱਤਾ, ਖੇਡਾਂ, ਸਕੂਲ ਕੈਂਪਸ, ਸਹਿ-ਵਿੱਦਿਅਕ ਕਿਰਿਆਵਾਂ, ਚੌਗਿਰਦਾ ਤੇ ਸਮਾਜਿਕ ਗਤੀਵਿਧੀਆਂ ’ਚ ਸ਼ਮੂਲੀਅਤ ਦੇ ਆਧਾਰ ’ਤੇ ਰਾਜ ਭਰ ਦੇ ਸਕੂਲਾਂ ਦੀ ਦਰਜਾਬੰਦੀ ਕੀਤੀ ਗਈ ਹੈ।
ਸਕੂਲ ਦੇ ਪ੍ਰਿੰਸੀਪਲ ਬਲਵੀਰ ਸਿੰਘ ਜੌੜਾ ਨੇ ਕਿਹਾ ਰਾਜ ਦੇ ਸਕੂਲਾਂ ਨੂੰ ਇਹ ਮਾਣ ਮਿਲਣ ਨਾਲ ਸਰਕਾਰੀ ਸਕੂਲ ਬਹੁਤ ਵਿਕਾਸ ਕਰਨਗੇ। ਦੱਸਣਯੋਗ ਹੈ ਕਿ ਉਕਤ ਸਕੂਲ ’ਚ 2072 ਵਿਦਿਆਰਥੀ ਹਨ ਅਤੇ 68 ਅਧਿਆਪਕ ਤੇ ਨਾਟ ਟੀਚਿੰਗ ਸਟਾਫ ਮੈਂਬਰਜ਼ ਕਾਰਜਸ਼ੀਲ ਹਨ।