ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਜੂਨ
ਵਿਜੀਲੈਂਸ ਬਿਊਰੋ ਨੇ ਜਾਂਚ ਬਾਅਦ ਧਰਮਕੋਟ ਸਬ ਡਿਵੀਜ਼ਨ ਵਿੱਚ ਤਾਇਨਾਤ ਰਹੇ ਇੱਕ ਸੇਵਾਮੁਕਤ ਕਾਨੂੰਗੋ ਤੇ ਇੱਕ ਮ੍ਰਿਤਕ ਪਟਵਾਰੀ ਤੇ ਕੋਟਕਪੂਰਾ ਦੇ ਆੜ੍ਹਤੀ ਦੀ ਸ਼ਿਕਾਇਤ ’ਤੇ ਫ਼ਰੀਦਕੋਟ ’ਚ ਤਾਇਨਾਤ ਪਨਸਪ ਇੰਸਪੈਕਟਰ ਤੇ ਉਸਦੇ ਪ੍ਰਾਈਵੇਟ ਸਹਾਇਕ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਵਿਜੀਲੈਂਸ ਦੇ ਖੇਤਰੀ ਥਾਣਾ ਫ਼ਿਰੋਜ਼ਪੁਰ ’ਚ ਦਰਜ ਐੱਫਆਈਆਰ ਮੁਤਾਬਕ ਸੁਖਦੇਵ ਸਿੰਘ, ਪਿੰਡ ਮੰਦਰ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ ਦੀ ਸ਼ਿਕਾਇਤ ’ਤੇ ਛਿੰਦਾ ਪਟਵਾਰੀ, ਮਾਲ ਹਲਕਾ ਮੰਦਰ ਅਤੇ ਮਲਕੀਤ ਸਿੰਘ ਕਾਨੂੰਗੋ, ਮਾਲ ਸਰਕਲ ਫਤਹਿਗੜ੍ਹ ਪੰਜਤੂਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਕੋਲ 9 ਜੁਲਾਈ 2018 ਨੂੰ ਟੋਲ ਫ਼ਰੀ ’ਤੇ ਸ਼ਿਕਾਇਤ ਕੀਤੀ ਸੀ ਕਿ ਉਸਨੇ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਦਰਖਾਸਤ ਮਹੀਨਾ ਜੂਨ-2018 ਵਿੱਚ ਦਫ਼ਤਰ ਤਹਿਸੀਲਦਾਰ ਧਰਮਕੋਟ ਵਿੱਚ ਦਿੱਤੀ ਸੀ। ਇਹ ਨਿਸ਼ਾਨਦੇਹੀ ਦੀ ਕਾਰਵਾਈ ਲਈ ਮਲਕੀਤ ਸਿੰਘ ਕਾਨੂੰਗੋ ਅਤੇ ਛਿੰਦਾ ਪਟਵਾਰੀ ਹਲਕਾ ਫਤਹਿਗੜ੍ਹ ਪੰਜਤੂਰ ਨੂੰ ਮਾਰਕ ਕੀਤੀ ਗਈ ਸੀ। 25 ਜੂਨ 2018 ਨੂੰ ਮਿਣਤੀ ਦੌਰਾਨ ਸੁਖਦੇਵ ਸਿੰਘ ਨੇ ਨਿਸ਼ਾਨਦੇਹੀ ਗਲਤ ਹੋਣ ਬਾਰੇ ਇਤਰਾਜ ਕੀਤਾ ਤਾਂ ਮਲਕੀਤ ਸਿੰਘ ਕਾਨੂੰਗੋ ਨੇ ਨਿਸ਼ਾਨਦੇਹੀ ਸਹੀ ਕਰਵਾਉਣ ਲਈ ਛੇ ਹਜ਼ਾਰ ਰੁਪਏ ਤੇ ਛਿੰਦਾ ਪਟਵਾਰੀ ਨੇ 3 ਹਜ਼ਾਰ ਰੁਪਏ ਦੀ ਮੰਗ ਕੀਤੀ। ਐਫ਼ਆਈਆਰ ਮੁਤਾਬਕ ਮੁਲਜ਼ਮ ਮਲਕੀਤ ਸਿੰਘ ਕਾਨੂੰਗੋ ਨੇ ਮੌਕੇ ’ਤੇ 4900 ਰੁਪਏ ਤੇ ਛਿੰਦਾ ਪਟਵਾਰੀ ਨੇ 1200 ਰੁਪਏ ਲੈ ਲਏ। ਇਸ ਤੋਂ ਬਾਅਦ ਸ਼ਿਕਾਇਤ ਕਰਤਾ ਸੁਖਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ 21 ਅਗਸਤ 2018 ਨੂੰ ਛਿੰਦਾ ਪਟਵਾਰੀ ਨਾਲ ਵੱਢੀ ਦੀ ਗੱਲਬਾਤ ਦੀ ਆਡੀਓ ਰਿਕਾਰਡਿੰਗ ਕਰ ਲਈ, ‘ਭਾਜੀ ਇੰਤਕਾਲ ਦਾ ਪੁੱਛਣਾ ਸੀ, ਕਿੰਨੀ ਫੀਸ ਲੱਗਦੀ ਆ।’
ਦੂਜੇ ਪਾਸੇ ਕੋਟਕਪੂਰਾ ਦੇ ਆੜ੍ਹਤੀ ਸੰਜਮ ਗੋਇਲ ਨੇ 25 ਮਈ ਨੂੰ ਮੁੱਖ ਮੰਤਰੀ ਵੱਲੋਂ ਜਾਰੀ ਐਂਟੀ ਕੁਰੱਪਸ਼ਨ ਹੈਲਪਲਾਈਨ ’ਤੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਤੋਤਾ ਰਾਮ ਹਰੀ ਕ੍ਰਿਸ਼ਨ, ਕਮਿਸ਼ਨ ਏਜੰਟਸ ਪ੍ਰਾਈਵੇਟ ਲਿਮ. ਕੋਟਕਪੂਰਾ ਦੇ ਨਾਂ ਦੀ ਦੁਕਾਨ ਨੰਬਰ 36, ਨਵੀਂ ਦਾਣਾ ਮੰਡੀ ਕੋਟਕਪੂਰਾ ’ਚ ਫਰਮ ਹੈ। ਉਨ੍ਹਾਂ ਦੀ ਫਰਮ ਰਾਹੀਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਕੀਤੀ ਹੈ। ਖਰੀਦ ਕੇਂਦਰ ਬਰਗਾੜੀ ’ਚ ਫਰਮ ਏਜੰਸੀ ਪਨਸਪ ਨੂੰ ਅਲਾਟ ਹੋਈ ਸੀ। ਇਥੇ ਦਿਪੇਸ਼ ਗੁਪਤਾ ਇੰਸਪੈਕਟਰ ਪਨਸਪ ਵੱਲੋਂ 5788 ਗੱਟੇ ਕਣਕ ਖਰੀਦੀ ਗਈ। ਮੁਲਜ਼ਮ ਪਨਸਪ ਇੰਸਪੈਕਟਰ ਦਿਪੇਸ਼ ਗੁਪਤਾ ਡੇਢ ਰੁਪਏ ਪ੍ਰਤੀ ਗੱਟਾ ਬਤੌਰ ਰਿਸ਼ਵਤ ਮੰਗਦਾ ਰਿਹਾ। ਉਸਨੂੰ ਰਿਸ਼ਵਤ ਨਹੀਂ ਦਿੱਤੀ ਤਾਂ ਉਹ ਖਰੀਦ ਵਿੱਚ ਪ੍ਰੇਸ਼ਾਨ ਕਰਨ ਲੱਗ ਪਿਆ।
19 ਮਈ ਨੂੰ ਮੁਲਜ਼ਮ ਪਨਸਪ ਇੰਸਪੈਕਟਰ ਉਨ੍ਹਾਂ ਦੀ ਆੜ੍ਹਤ ’ਤੇ ਆਪਣੇ ਪ੍ਰਾਈਵੇਟ ਹੈਲਪਰ ਟਿੰਕੂ ਨਾਲ ਆਇਆ ਤੇ ਊਨ੍ਹਾਂ ਤੋਂ ਡੇਢ ਰੁਪਏ ਪ੍ਰਤੀ ਗੱਟੇ ਦੇ ਹਿਸਾਬ ਨਾਲ 8700 ਰੁਪਏ ਕਣਕ ਦੀ ਸ਼ਾਰਟੇਜ ਦੇ ਨਾਂ ’ਤੇ 9710 ਰੁਪਏ ਦੀ ਮੰਗ ਕੀਤੀ। ਵੱਢੀ ਤੋਂਂ ਇਨਕਾਰ ਕਰਨ ’ਤੇ ਕਾਫੀ ਬਹਿਸਬਾਜ਼ੀ ਮਗਰੋਂ ਉਨ੍ਹਾਂ ਨੂੰ ਮਜ਼ਬੂਰ ਕਰਕੇ ਕੁੱਲ 18 ਹਜ਼ਾਰ 410 ਰੁਪਏ ਵੱਢੀ ਦੀ ਰਕਮ ਉਸਦੇ ਪ੍ਰਾਈਵੇਟ ਆਦਮੀ ਟਿੰਕੂ ਹੈਲਪਰ ਨੇ ਹਾਸਲ ਕਰ ਲਏ। ਵੱਢੀ ਹਾਸਲ ਕਰਨ ਦੀ ਸਾਰੀ ਰਿਕਾਰਡਿੰਗ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਰਿਕਾਰਡ ਹੋ ਗਈ ਸੀ।