ਕੈਫ਼ੀ ਕੌਣ
ਕਈ ਵਾਰ ਲਿਫ਼ਾਫ਼ੇ ’ਤੇ ਸਿਰਨਾਵਾਂ ਤਾਂ ਲਿਖਿਆ ਹੁੰਦਾ ਹੈ ਪਰ ਉਸ ਵਿਚ ਕੋਈ ਚਿੱਠੀ ਨਹੀਂ ਹੁੰਦੀ ਤੇ ਕਈ ਵਾਰ ਲਿਫ਼ਾਫ਼ੇ ਵਿਚ ਚਿੱਠੀ ਹੁੰਦੀ ਹੈ ਪਰ ਉਸ ਦਾ ਕੋਈ ਸਿਰਨਾਵਾਂ ਨਹੀਂ ਹੁੰਦਾ। ਸਿਰਨਾਵੇਂ ਵਾਲੀ ਚਿੱਠੀ ਆਪਣੀ ਮੰਜ਼ਿਲ ’ਤੇ ਪਹੁੰਚ ਜਾਂਦੀ ਹੈ ਪਰ ਕੀ ਸਿਰਨਾਵੇਂ ਤੋਂ ਬਿਨਾ ਕੋਈ ਚਿੱਠੀ ਕਿਤੇ ਪਹੁੰਚ ਸਕਦੀ ਹੈ?
ਜੇ ਅਜਿਹਾ ਸਿਰਫ਼ ਮੌਜਜ਼ਿਆਂ ਵਿਚ ਹੁੰਦਾ ਹੈ ਤਾਂ ਮੈਂ ਕਹਿ ਸਕਦਾ ਹਾਂ ਕਿ ਮੈਂ ਮੌਜਜ਼ਾ ਵੇਖਿਆ ਹੈ।
ਬੜੀ ਪੁਰਾਣੀ ਗੱਲ ਹੈ। ਬਠਿੰਡੇ ਦੀ ਪਬਲਿਕ ਲਾਇਬਰੇਰੀ ’ਚ ਪਈਆਂ ਹਜ਼ਾਰਾਂ ਕਿਤਾਬਾਂ ਵਿਚੋਂ ਇਕ ਕਿਤਾਬ ਮੇਰੇ ਹੱਥਾਂ ਵਿਚ ਆ ਗਈ। ਛੋਟੀ ਜਿਹੀ ਕਿਤਾਬ ਸੀ, ਵੱਡੀ ਜਿਹੀ ਕਹਾਣੀ ਸੀ। ਇਕ ਸੁੱਕੀ ਹੋਈ ਨਦੀ ਸੀ ਜਿਹਦੇ ਨੈਣਾਂ ਦੇ ਵਿਚ ਪਾਣੀ ਸੀ।
ਮੈਂ ਕਿਤਾਬ ਨੂੰ ਪੁੱਛਿਆ, ਸੁੱਕੀ ਹੋਈ ਨਦੀ ਦਾ ਪਾਣੀ ਕਿਸ ਨੂੰ ਦਿਸ ਸਕਦਾ ਹੈ? ‘ਭਾਨੋ’ ਨੇ ਦੱਸਿਆ, ਸੁੱਕੀਆਂ ਹੋਈਆਂ ਨਦੀਆਂ ਦੀ ਕਹਾਣੀ ਕੋਈ ਸਮੁੰਦਰ ਹੀ ਲਿਖ ਸਕਦਾ ਹੈ।
ਤੇ ਉਸ ਸਮੁੰਦਰ ਦਾ ਨਾਮ ਸੀ ਦਲੀਪ ਕੌਰ ਟਿਵਾਣਾ।
ਭਾਨੋ ਦੇ ਨੈਣਾਂ ਵਿਚੋਂ ਵਗਦਾ ਪਾਣੀ ਸ਼ਾਇਦ ਭਾਫ਼ ਬਣ ਕੇ ਉੱਡਿਆ ਤੇ ਮੇਰੀ ਕਲਮ ਦੀ ਸਿਆਹੀ ਵਿਚ ਘੁਲ ਗਿਆ। ਮੈਂ ਉਸ ਸਮੁੰਦਰ ਨੂੰ ਇਕ ਚਿੱਠੀ ਲਿਖੀ, ਚਿੱਠੀ ਵਿਚ ਲਿਖਿਆ: “ਮੈਂ ਵੱਡਾ ਹੋ ਕੇ ਲੇਖਕ ਬਣਾਂਗਾ ਤੇ ਭਾਨੋ ਦੀ ਅਗਲੀ ਕਹਾਣੀ ਲਿਖਾਂਗਾ ਜਿਸ ਵਿਚ ਉਸ ਨਾਲ ਸਭ ਕੁਝ ਚੰਗਾ ਹੋਵੇਗਾ।’’
ਇਹ ਬਚਪਨ ਦੀ ਗੱਲ ਸੀ ਤੇ ਬਚਪਨੇ ਦੀ ਵੀ।
ਹੁਣ ਤਾਂ ਖ਼ੈਰ ਮੈਂ ਜਾਣਦਾ ਹਾਂ ਕਿ ਨਾ ਭਾਨੋ ਅਹਿਲਯਾ ਸੀ ਤੇ ਨਾ ਮੈਂ ਰਾਮ।
ਜੇ ਹੁੰਦਾ ਵੀ ਤਾਂ ਸ਼ਾਇਦ…।
ਖ਼ੈਰ! ਦੋ ਕੁ ਸਤਰਾਂ ਦੀ ਉਹ ਚਿੱਠੀ ਮੈਂ ਲਿਖ ਤਾਂ ਲਈ ਪਰ ਸਿਰਨਾਵਾਂ ਭੁੱਲ ਗਿਆ ਤੇ ਬਗ਼ੈਰ ਸਿਰਨਾਵੇਂ ਵਾਲੀ ਉਹ ਚਿੱਠੀ ਕਿਸੇ ਰੱਦੀ ਵਾਲੇ ਦੀ ਤਕੜੀ ’ਤੇ ਤੁਲ ਗਈ ਜਾਂ ਸ਼ਾਇਦ ਸਟੋਰ ਦੀ ਅਲਮਾਰੀ ਵਿਚ ਕਿਤੇ ਰੁਲ ਗਈ।
ਕਹਿੰਦੇ ਨੇ, ਹਰ ਕਵਿਤਾ ਇਕ ਚਿੱਠੀ ਹੁੰਦੀ ਹੈ ਪਰ ਮੈਨੂੰ ਲੱਗਦਾ ਹੈ ਹਰ ਚਿੱਠੀ ਵੀ ਇਕ ਕਵਿਤਾ ਹੁੰਦੀ ਹੈ। ਹਾਂ, ਹਰ ਕਵਿਤਾ ਹਰ ਕਿਸੇ ਲਈ ਨਹੀਂ ਹੁੰਦੀ ਪਰ ਹਰ ਕਿਸੇ ਲਈ ਕੋਈ ਨਾ ਕੋਈ ਕਵਿਤਾ ਜ਼ਰੂਰ ਹੁੰਦੀ ਹੈ।
ਮੈਂ ਜੋ ਚਿੱਠੀ ਲਿਖੀ ਸੀ, ਉਹ ਵੀ ਸ਼ਾਇਦ ਇਕ ਕਵਿਤਾ ਸੀ।
ਇਕ ਉਮੀਦ ਦੀ ਕਵਿਤਾ, ਇਕ ਖ਼ੁਆਬ ਦੀ ਕਵਿਤਾ।
ਦੁਨੀਆ ਨੂੰ ਕੁਝ ਬਿਹਤਰ ਬਣਾਉਣ ਦੀ ਉਮੀਦ
ਕਿਸੇ ਨਾਲ ਕੁਝ ਮਾੜਾ ਨਾ ਹੋਣ ਦੇਣ ਦਾ ਖ਼ੁਆਬ
ਇਸ ਉਮੀਦ ਤੇ ਇਸ ਖ਼ੁਆਬ ਨੂੰ ਸੱਚ ਕਰਨ ਦਾ ਅਖ਼ਤਿਆਰ ਜਾਂ ਰੱਬ ਕੋਲ ਹੁੰਦਾ ਹੈ ਤੇ ਜਾਂ ਲੇਖਕਾਂ ਤੇ ਕਵੀਆਂ ਕੋਲ।
ਟਿਵਾਣਾ ਹੋਰਾਂ ਕੋਲ ਵੀ ਇਹ ਅਖ਼ਤਿਆਰ ਸੀ।
ਉਨ੍ਹਾਂ ਦੇ ਸਿਰਜੇ ਸਾਹਿਤ ਸੰਸਾਰ ਵਿਚ ਵਿਚਰਦਿਆਂ ਇਹ ਗੱਲ ਸਮਝ ਆਈ ਕਿ ਸਾਡੇ ਨਾਲ ਜ਼ਿੰਦਗੀ ਵਿਚ ਕੁਝ ਚੰਗਾ ਹੋਵੇ ਜਾਂ ਮਾੜਾ ਇਹ ਸਾਡੇ ਵੱਸ ਵਿਚ ਨਹੀਂ, ਪਰ ਜੋ ਵੀ ਹੋਵੇ ਉਸ ਦਾ ਕਿੰਨਾ ਤੇ ਕਿਸ ਤਰ੍ਹਾਂ ਦਾ ਅਸਰ ਆਪਣੀ ਜ਼ਿੰਦਗੀ ’ਤੇ ਹੋਣ ਦੇਣਾ ਹੈ, ਇਹ ਸਾਡੇ ਵੱਸ ਵਿਚ ਹੈ।
ਟਿਵਾਣਾ ਹੋਰਾਂ ਦਾ ਸਾਹਿਤ, ਜ਼ਿੰਦਗੀ ਜਿਉਣ ਦਾ ਕੋਈ ਰਾਹ ਨਹੀਂ ਦੱਸਦਾ, ਬਸ ਇਹ ਸਮਝਾਉਂਦਾ ਹੈ ਕਿ ਆਪਣੀ ਰਾਹ ਆਪ ਲੱਭੋ।
ਵਕ਼ਤ ਦੇ ਹਨੇਰਿਆਂ ਵਿਚ ਕਿਰਾਏ ਦੀ ਰੌਸ਼ਨੀ ਨਹੀਂ ਦਿੰਦਾ ਸਗੋਂ ਇਹ ਕਹਿੰਦਾ ਹੈ ਕਿ ਆਪਣਾ ਸੂਰਜ ਆਪ ਬਣੋ।
ਟਿਵਾਣਾ ਦੀਆਂ ਕਿਤਾਬਾਂ ਜਦੋਂ ਕਹਿੰਦੀਆਂ ਨੇ ਕਿ ਇਕ ਜਗ੍ਹਾ ਰੁਕਿਆ ਹੋਇਆ ਪਾਣੀ ਛੱਪੜ ਬਣ ਜਾਂਦਾ ਹੈ ਤਾਂ ਸੁੱਕੀਆਂ ਹੋਈਆਂ ਨਦੀਆਂ ਵੀ ਵਗ ਪੈਂਦੀਆਂ ਨੇ, ਆਪਣੀ ਰਾਹ ਆਪ ਬਣਾਉਂਦੀਆਂ।
ਕਿਤਾਬਾਂ ਪੜ੍ਹ ਕੇ ਅਸੀਂ ਰੱਖ ਦਿੰਦੇ ਹਾਂ ਪਰ ਕਿਤਾਬਾਂ ਵਿਚੋਂ ਕੁਝ ਨਾ ਕੁਝ ਸਾਡੇ ਨਾਲ ਰਹਿ ਜਾਂਦਾ ਹੈ, ਸਾਡੇ ਅੰਦਰ ਵਸ ਜਾਂਦਾ ਹੈ ਤੇ ਕਦੇ ਕਿਸੇ ਹਨੇਰੀ ਰਾਤ ਵਿਚ ਸਾਡੇ ਲਈ ਦੀਵਾ ਬਣ ਜਾਂਦਾ ਹੈ।
ਦਲੀਪ ਕੌਰ ਟਿਵਾਣਾ ਦੀਆਂ ਕਿਤਾਬਾਂ ਵਿਚੋਂ ਲੱਭੇ ਕੁਝ ਦੀਵੇ ਜਦੋਂ ਮੈਂ ਜ਼ਿੰਦਗੀ ਦੀ ਇਕ ਹਨੇਰੀ ਰਾਤ ਵਿਚ ਬਾਲੇ ਤਾਂ ਮੈਨੂੰ ਆਪਣੇ ਅੰਦਰ ਕੁਝ ਕਵਿਤਾਵਾਂ ਤੇ ਕੁਝ ਰੰਗ ਲੱਭੇ। ਉਨ੍ਹਾਂ ਨੂੰ ਇਕ ਕਿਤਾਬ ਵਿਚ ਸਜਾ ਕੇ ਮੈਂ ਟਿਵਾਣਾ ਹੋਰਾਂ ਨੂੰ ਭੇਟ ਕਰਨ ਚਲਾ ਗਿਆ। ਮੇਰੀਆਂ ਕਵਿਤਾਵਾਂ ਪੜ੍ਹ ਕੇ ਉਨ੍ਹਾਂ ਨੇ ਕਿਹਾ, “ਤੈਨੂੰ ਤਾਂ ਕਵਿਤਾਵਾਂ ਲਿਖਣ ਦਾ ਵਰ ਮਿਲਿਆ ਹੋਇਆ ਹੈ।”
ਮੈਂ ਕਿਹਾ, “ਇਹ ਵਰ ਵੀ ਸ਼ਾਇਦ ਤੁਸੀਂ ਹੀ ਦਿੱਤਾ ਸੀ, ਜਦੋਂ ਮੈਂ ‘ਇਹੋ ਹਮਾਰਾ ਜੀਵਣਾ’ ਪੜ੍ਹ ਕੇ ਤੁਹਾਨੂੰ ਇਕ ਚਿੱਠੀ ਲਿਖੀ ਸੀ।”
ਕੁਝ ਚਿੱਠੀਆਂ ਸਿਰਫ਼ ਚਿੱਠੀਆਂ ਨਹੀਂ ਹੁੰਦੀਆਂ, ਕਵਿਤਾਵਾਂ ਹੁੰਦੀਆਂ ਨੇ। ਹਰ ਕਵਿਤਾ ਕਦੇ ਨਾ ਕਦੇ ਉਸ ਤਕ ਪਹੁੰਚ ਹੀ ਜਾਂਦੀ ਹੈ ਜਿਸ ਲਈ ਉਹ ਲਿਖੀ ਗਈ ਹੁੰਦੀ ਹੈ।
ਸਿਰਨਾਵਾਂ ਹੋਵੇ ਜਾਂ ਨਾ ਹੋਵੇ।
ਸੰਪਰਕ: 98156-38668