ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 4 ਜੁਲਾਈ
ਮੋਗਾ ਪੁਲੀਸ ਨੇ ਗੁਰਦਾਸਪੁਰ ਦੇ ਐੱਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਦੀਨਾਨਗਰ ਦੀ ਇੱਕ ਔਰਤ ਵੱਲੋਂ ਜਬਰ ਜਨਾਹ ਦੇ ਲਗਾਏ ਦੋਸ਼ਾਂ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਗੁਰਦਾਸਪੁਰ ਸਿਟੀ ਪੁਲੀਸ ਸਟੇਸ਼ਨ ਅੰਦਰ ਇਸ ਅਧਿਕਾਰੀ ਖ਼ਿਲਾਫ਼ 2 ਜੁਲਾਈ ਨੂੰ ਧਾਰਾ 376(2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਧਾਰਾ ਪੁਲੀਸ ਅਧਿਕਾਰੀ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਖ਼ਿਲਾਫ਼ ਲਾਈ ਲਾਈ ਗਈ ਹੈ। ਮਾਮਲਾ ਲੰਘੇ ਅਪਰੈਲ ਮਹੀਨੇ ਤੋਂ ਜਾਂਚ ਅਧੀਨ ਸੀ ਜਦੋਂ ਇਸ ਔਰਤ ਨੇ ਪਹਿਲੀ ਵਾਰ ਇਸ ਅਧਿਕਾਰੀ ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ। ਐੱਸਪੀ ਗੁਰਮੀਤ ਸਿੰਘ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਿੱਥੇ ਉਹ ਅਦਾਲਤ ਵਿੱਚ ਕਿਸੇ ਪੇਸ਼ੀ ਲਈ ਗਿਆ ਸੀ। ਮਾਮਲੇ ਦੀ ਜਾਂਚ ਲਈ ਕਾਇਮ ‘ਸਿਟ’ ਦੀ ਅਗਵਾਈ ਕਰ ਰਹੇ ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਗੁਰਮੀਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।