ਨਵੀਂ ਦਿੱਲੀ, 15 ਫਰਵਰੀ
ਵੱਡੇ ਬੈਂਕਿੰਗ ਲੋਨ ਘੁਟਾਲੇ ਦੇ ਮੁਲਜ਼ਮ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਹੋ ਗਏ ਹਨ। ਸੀਬੀਆਈ ਨੇ 28 ਬੈਂਕਾਂ ਤੋਂ 22,842 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਲੀ ਕੰਪਨੀ ਏਬੀਜੀ ਸ਼ਿਪਯਾਰਡ ਦੇ ਮੁਖੀ ਅਤੇ ਸੀਨੀਅਰ ਅਧਿਕਾਰੀ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਇਹ ਸਰਕੂਲਰ ਹਵਾਈ ਮਾਰਗ ਜਾਂ ਹੋਰ ਸਾਧਨਾਂ ਰਾਹੀਂ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ ਲਈ ਜਾਰੀ ਕੀਤਾ ਜਾਂਦਾ ਹੈ। ਸੀਬੀਆਈ ਨੇ ਭਾਰਤੀ ਸਟੇਟ ਬੈਂਕ ਦੀ ਸ਼ਿਕਾਇਤ ’ਤੇ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੀਬੀਆਈ ਅਨੁਸਾਰ ਮੁਲਜ਼ਮਾਂ ਨੇ ਏਬੀਜੀ ਸ਼ਿਪਯਾਰਡ ਵੱਲੋਂ ਲਏ ਕਰਜ਼ੇ ਨੂੰ ਘੱਟੋ-ਘੱਟ 98 ਕੰਪਨੀਆਂ ਵੱਲ ਭੇਜਿਆ ਗਿਆ ਹੈ। ਕੰਪਨੀ ਵੱਲੋਂ ਕਿਸ਼ਤਾਂ ਦਾ ਭੁਗਤਾਨ ਨਾ ਕਰਨ ਕਾਰਨ ਨਵੰਬਰ 2013 ਵਿੱਚ 28 ਬੈਂਕਾਂ ਤੋਂ ਲਿਆ ਗਿਆ ਇਹ ਕਰਜ਼ਾ ਐਨਪੀਏ ਐਲਾਨਿਆ ਗਿਆ ਸੀ।