ਪੱਤਰ ਪ੍ਰੇਰਕ
ਪਿਹੋਵਾ, 28 ਮਈ
ਪਿੰਡ ਸੰਧੌਲੀ ਨੇੜੇ ਡੇਰੇ ਵਿਚ ਬੱਚਿਆਂ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਇਕ ਬਜ਼ੁਰਗ ਔਰਤ ਨੂੰ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਲੜਾਈ ਵਿੱਚ ਬਜ਼ੁਰਗ ਔਰਤ ਦੀ ਨੱਕ ਦੀ ਹੱਡੀ ’ਤੇ ਸੱਟ ਲਗੀ ਹੈ। ਘਟਨਾ ਦੌਰਾਨ ਬਜ਼ੁਰਗ ਔਰਤ ਦੀ ਨੂੰਹ ਨੇ ਵੀਡੀਓ ਵਾਇਰਲ ਕਰ ਦਿੱਤੀ। ਇਹ ਘਟਨਾ ਕਈ ਦਿਨ ਪਹਿਲਾਂ ਦੱਸੀ ਜਾ ਰਹੀ ਹੈ। ਬਜ਼ੁਰਗ ਔਰਤ ਦੇ ਘਰ ਅਤੇ ਗੁਆਂਢ ਦੇ ਬੱਚਿਆਂ ਵਿਚਾਲੇ ਤਕਰਾਰ ਹੋ ਗਈ ਸੀ। ਜਿਸ ਮਗਰੋਂ ਗੁਆਂਢ ਦੇ ਚਾਰ ਲੋਕਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਔਰਤ ਨੇ ਦੱਸਿਆ ਕਿ ਉਸ ਨੇ ਲੜ ਰਹੇ ਬੱਚਿਆਂ ਨੂੰ ਡਾਂਟ ਕੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਜ਼ਖ਼ਮੀ ਔਰਤ ਨੂੰ ਕੁਰੂਕਸ਼ੇਤਰ ਦੇ ਐੱਲਐੱਨਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਨੇ ਪੀੜਤ ਔਰਤ ਦਾ ਬਿਆਨ ਦਰਜ ਕਰਕੇ ਕੇਸ ਦਰਜ ਕਰ ਲਿਆ ਸੀ, ਪਰ ਕਈ ਦਿਨਾਂ ਮਗਰੋਂ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ।