ਪੱਤਰ ਪ੍ਰੇਰਕ
ਮਾਨਸਾ/ਬਰੇਟਾ, 2 ਅਗਸਤ
ਮਾਨਸਾ ਜ਼ਿਲ੍ਹੇ ਦੇ ਪਿੰਡ ਸਿਰਸੀਵਾਲਾ ਵਿਖੇ ਬਠਿੰਡਾ-ਦਿੱਲੀ ਰੇਲਵੇ ਲਾਈਨਾਂ ’ਤੇ ਜਿਹੜੀਆਂ 90 ਭੇਡਾਂ ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਮਾਰੀਆਂ ਗਈਆਂ ਹਨ, ਉਨ੍ਹਾਂ ਦੇ ਮਾਲਕ ਆਜੜੀਆਂ ਦੀ ਵਿੱਤੀ ਸਹਾਇਤਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਤਹਿਸੀਲਦਾਰ ਰਾਹੀਂ ਇੱਕ ਰਿਪੋਰਟ ਬਣਵਾ ਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਹੈ। ਇਹ ਭੇਡਾਂ ਬੀਤੀ ਰਾਤ ਉਸ ਵੇਲੇ ਮਾਰੀਆਂ ਗਈਆਂ, ਜਦੋਂ ਅਚਾਨਕ ਰਾਤ ਸਮੇਂ ਭੇਡਾਂ ਦਾ ਇੱਕ ਝੁੰਡ ਬਾੜੇ ਦੇ ਕੋਲੋਂ ਦੀ ਲੰਘਦੀਆਂ ਰੇਲਵੇ ਲਾਈਨਾਂ ਉਪਰ ਆ ਗਿਆ ਅਤੇ ਇਸ ਦੌਰਾਨ ਹੀ ਰੇਲ ਆ ਗਈ, ਜਿਸ ਨਾਲ ਆਜੜੀ ਤਰਸੇਮ ਸਿੰਘ ਅਤੇ ਗੁਰਪਿਆਰ ਸਿੰਘ ਦਾ ਲਗਭਗ 10 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ।
ਵਿਧਾਇਕ ਬੁੱਧਰਾਮ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਰੇਲਵੇ ਪੁਲੀਸ ਚੌਕੀ ਬਰੇਟਾ ਦੇ ਜਾਂਚ ਅਧਿਕਾਰੀ ਗੁਰਮੇਲ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਾਦਸੇ ਵਿੱਚ ਭੇਡਾਂ ਦੇ ਲੇਲੇ ਅਤੇ ਭੇਡਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਗਿਣਤੀ ਲਗਭਗ 90 ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੁਝ ਭੇਡਾਂ ਰੇਲ ਗੱਡੀ ਦੀ ਲਪੇਟ ਵਿੱਚ ਜਖ਼ਮੀ ਵੀ ਹੋਈਆਂ ਹਨ, ਜਿਨ੍ਹਾਂ ਦਾ ਬਕਾਇਦਾ ਇਲਾਜ ਆਰੰਭ ਕਰਵਾ ਦਿੱਤਾ ਗਿਆ ਹੈ। ਵਿਧਾਇਕ ਬੁੱਧਰਾਮ ਨੇ ਦੱਸਿਆ ਕਿ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਨੂੰ ਵੀ ਲਿਖਿਆ ਗਿਆ ਹੈ ਤਾਂ ਜੋ ਪੀੜਤ ਪਰਿਵਾਰ ਦੀ ਮਦਦ ਹੋ ਸਕੇ।