ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹਤ ਸਮੱਗਰੀ ਪੰਜਾਬ ਨੂੰ ਭੇਜਣ ਦਾ ਦੋਸ਼ ਲਾਉਂਦੇ ਹੋਏ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸੁਖਬੀਰ ਸਿੰਘ ਕਾਲੜਾ ਤੇ ਗੁਰਮੀਤ ਸਿੰਘ ਸ਼ੰਟੀ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਇਹ ਗੁਰੂ ਦੇ ਦਸਵੰਧ ਦੀ ਦੁਰਵਰਤੋਂ ਹੈ। ਸੁਖਬੀਰ ਸਿੰਘ ਕਾਲੜਾ ਨੇ ਦੱਸਿਆ ਕਿ ਐਂਬੂਲੈਂਸਾਂ ਵਿੱਚ ਰਾਹਤ ਸਮੱਗਰੀ ਦਿੱਲੀ ਤੋਂ ਬਾਹਰ ਭੇਜੀ ਗਈ। ਉਨ੍ਹਾਂ ਕਿਹਾ ਕਿ ਟਰੱਕ ਤੇ ਇਨੋਵਾ ਕਾਰਾਂ ਵਿੱਚ ਸਮੱਗਰੀ ਪੰਜਾਬ ਭੇਜੀ ਗਈ ਸੀ। ਉਨ੍ਹਾਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਐਂਬੂਲੈਂਸਾਂ ਵਿੱਚ ਸਾਮਾਨ ਭਰਿਆ ਦੱਸਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਨੰਬਰਾਂ ਦੀਆਂ ਗੱਡੀਆਂ ਦਿੱਲੀ ਕਮੇਟੀ ਤੋਂ ਨਿਕਲਦੀਆਂ ਦਿਸ ਰਹੀਆਂ ਹਨ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਵਰਤੋਂ ਸਿਆਸੀ ਕਾਰਜਾਂ ਵਿੱਚ ਹੋ ਰਹੀ ਹੈ। ਉਧਰ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ 27 ਮਈ ਨੂੰ ਕੰਸਨਟਰੇਟਰਾਂ ਦੀ ਵੱਡੀ ਖੇਪ ਚੰਡੀਗੜ੍ਹ ਤੇ ਬਠਿੰਡਾ ਭੇਜੀ ਗਈ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਕਤ ਸਮਾਨ ਗੁਰਦੁਆਰਾ ਸ਼ਹੀਦ ਬਾਬਾ ਮਾਤਾ ਜੀ (ਡਰੋਲੀ ਕਲਾਂ, ਜਲੰਧਰ), ਗੁਰਦੁਆਰਾ ਸਿੰਘ ਸਭਾ ਭੋਗਪੁਰ (ਜਲੰਧਰ), ਨੌਜਵਾਨ ਗੁਰਮਿਤ ਸਭਾ (ਰਜਿ.) ਫਰੀਦਕੋਟ ਨੂੰ ਕਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਮਦਦ ਕਰਨ ਲਈ ਭੇਜਿਆ ਗਿਆ ਹੈ। ਉਕਤ ਸੰਸਥਾਵਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਲਿਖਤ ਵਿੱਚ ਮਦਦ ਮੰਗੀ ਸੀ। ਉਨ੍ਹਾਂ ਦੁੱਖ ਜਾਹਰ ਕੀਤਾ ਕਿ ਸਿੱਖ ਕੌਮ ਵੱਲੋਂ ਕਰੋਨਾ ਖ਼ਿਲਾਫ਼ ਇਸ ਜੰਗ ਵਿੱਚ ਦਿੱਲੀ ਦੇ ਉਕਤ ਆਗੂ ਨਘੋਚਾਂ ਕੱਢ ਕੇ ਸਿਰਫ਼ ਆਪਣੇ ਹਿੱਤ ਸਾਧਣ ਦੀ ਕੋਸ਼ਿਸ਼ ਕਰ ਰਹੇ ਹਨ।