ਨਵੀਂ ਦਿੱਲੀ, 4 ਜੁਲਾਈ
ਹੋਟਲ ਅਤੇ ਰੈਸਤਰਾਂ ਹੁਣ ਗਾਹਕਾਂ ਤੋਂ ਖਾਣੇ ਦੇ ਬਿੱਲ ਵਿੱਚ ‘ਸੇਵਾ ਕਰ’ (ਸਰਵਿਸ ਚਾਰਜ) ਨਹੀਂ ਲੈ ਸਕਣਗੇ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਅੱਜ ਹੋਟਲ ਅਤੇ ਰੈਸਤਰਾਂ ਨੂੰ ਖਾਣੇ ਦੇ ਬਿੱਲ ਵਿੱਚ ਆਪਣੇ ਆਪ ਲੱਗਣ ਵਾਲਾ ਸੇਵਾ ਕਰ ਜੋੜਨ ਤੋਂ ਰੋਕ ਦਿੱਤਾ ਹੈ। ਖਪਤਕਾਰ ਹੁਣ ਇਸ ਤਰ੍ਹਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਸ਼ਿਕਾਇਤ ਵੀ ਕਰ ਸਕਣਗੇ। ਦਿਸ਼ਾ ਨਿਰਦੇਸ਼ਾਂ ਮੁਤਾਬਕ, ‘‘ਕੋਈ ਵੀ ਹੋਟਲ ਜਾਂ ਰੈਸਤਰਾਂ ਬਿੱਲ ਵਿੱਚ ਆਪਣੇ ਆਪ ਸੇਵਾ ਕਰ ਨਹੀਂ ਜੋੜ ਸਕੇਗਾ।’’ ਇਸ ਦੇ ਨਾਲ ਹੀ ਕਿਸੇ ਹੋਰ ਨਾਮ ਤਹਿਤ ਵੀ ਸੇਵਾ ਕਰ ਨਹੀਂ ਵਸੂਲਿਆ ਜਾਵੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਹੋਟਲ ਜਾਂ ਰੈਸਤਰਾਂ ਗਾਹਕਾਂ ਨੂੰ ਸੇਵਾ ਕਰ ਦੇਣ ਲਈ ਮਜਬੂਰ ਨਹੀਂ ਕਰ ਸਕਦਾ। ਗਾਹਕ ਚਾਹੁਣ ਤਾਂ ਸੇਵਾ ਕਰ ਦੇ ਸਕਦੇ ਹਨ। ਦਿਸ਼ਾ ਨਿਰਦੇਸ਼ ਮੁਤਾਬਕ, ‘‘ਗਾਹਕਾਂ ’ਤੇ ਸੇਵਾ ਕਰ ਵਸੂਲੀ ਆਧਾਰ ’ਤੇ ਦਾਖਲਾ (ਐਂਟਰੀ) ਜਾਂ ਸੇਵਾਵਾਂ ਸਬੰਧੀ ਕੋਈ ਪਾਬੰਦੀ ਨਹੀਂ ਲਾਈ ਜਾਵੇਗੀ।’’ ਇਸ ਤੋਂ ਇਲਾਵਾ ਸੇਵਾ ਕਰ ਨੂੰ ਖਾਣੇ ਦੇ ਬਿੱਲ ਨਾਲ ਜੋੜ ਕੇ ਹੋਰ ਕੁੱਲ ਰਾਸ਼ੀ ’ਤੇ ਜੀਐੱਸਟੀ ਲਾ ਕੇ ਇਕੱਠਾ ਨਹੀਂ ਕੀਤਾ ਜਾ ਸਕਦਾ। ਗਾਹਕ/ਖਪਤਕਾਰ ਲੋੜ ਪੈਣ ’ਤੇ ਇਸ ਸਬੰਧ ਵਿੱਚ ਕੌਮੀ ਖਪਤਕਾਰ ਹੈਲਪਲਾਈਨ (ਐੱਨਸੀਐੱਚ) ਨੰਬਰ 1915 ’ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਹ ਖਪਤਕਾਰ ਕਮਿਸ਼ਨ ਨੂੰ ਵੀ ਇਸ ਬਾਰੇ ਸ਼ਿਕਾਇਤ ਕਰ ਸਕਦੇ ਹਨ।