ਖੇਤਰੀ ਪ੍ਰਤੀਨਿਧ
ਬਰਨਾਲਾ, 22 ਅਕਤੂਬਰ
3704 ਅਤੇ 2392 ਭਰਤੀ ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਾ ਦੇਣ, ਕੇਂਦਰ ਦੇ ਪੇਅ ਸਕੇਲ ਜ਼ਬਰੀ ਲਾਗੂ ਕਰਨ ਦੇ ਵਿਰੋਧ ਤੇ ਪ੍ਰੋਬੇਸ਼ਨ ਪੀਰੀਅਡ ਘਟਾਉਣ ਆਦਿ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਅਧਿਆਪਕਾਂ ਸਰਕਾਰੀ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਕਾਲੀ ਦਿਵਾਲੀ ਮਨਾਈ। 3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ 2392 ਅਧਿਆਪਕ ਯੂਨੀਅਨ ਦੇ ਪ੍ਰਧਾਨ ਯੁੱਧਜੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਅਧਿਆਪਕਾਂ ਦੀ ਘਰਾਂ ਦੇ ਨਜ਼ਦੀਕ ਬਦਲੀ ਕੀਤੀ ਜਾਵੇਗੀ ਤੇ ਪੰਜਾਬ ਦੇ ਪੇਅ ਸਕੇਲ ਬਹਾਲ ਕੀਤੇ ਜਾਣਗੇ, ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ, ਜਿਸ ਦੇ ਚੱਲਦੇ 3704 ਅਤੇ 2392 ਅਧਿਆਪਕ ਆਪਣੇ ਆਪਣੇ ਸਕੂਲਾਂ ਵਿੱਚ ਸਕੂਲ ਪੱਧਰ ’ਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਅਤੇ ਬਦਲੀ ਪਾਲਿਸੀ ਦੀਆਂ ਕਾਪੀਆਂ ਸਾੜ ਰਹੇ ਹਨ।
ਠੇੇਕਾ ਮੁਲਾਜ਼ਮਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ
ਭੁੱਚੋ ਮੰਡੀ (ਪੱਤਰ ਪ੍ਰੇਰਕ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਨੇ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਖ਼ਿਲਾਫ਼ ਇਸ ਵਾਰ ਕਾਲੀ ਦੀਵਾਲੀ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮਾੜੇ ਰਵੱਈਏ ਖ਼ਿਲਾਫ਼ ਠੇਕਾ ਮੁਲਾਜ਼ਮ ਦੀਵਾਲੀ ਵਾਲੇ ਦਿਨ ਘਰਾਂ ਅਤੇ ਦਫ਼ਤਰਾਂ ’ਤੇ ਕਾਲੇ ਝੰਡੇ ਲਗਾਉਣਗੇ ਅਤੇ ਦਫ਼ਤਰਾਂ ਅੱਗੇ ਕਾਲੇ ਚੋਲੇ ਪਾ ਕੇ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪਰਿਵਾਰਾਂ ਸਮੇਤ ਰੋਸ ਰੈਲੀ ਅਤੇ ਮਾਰਚ ਕਰਨਗੇ। ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਗੂ ਅਤੇ ਮੋਰਚੇ ਦੇ ਸੂਬਾਈ ਆਗੂ ਜਗਰੂਪ ਸਿੰਘ ਅਤੇ ਜਗਸੀਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਵੱਲੋਂ 21 ਅਕਤੂਬਰ ਨੂੰ ਕੀਤੀ ਕੈਬਨਿਟ ਮੀਟਿੰਗ ਵਿੱਚ ਠੇਕਾ ਮੁਲਾਜ਼ਮਾਂ ਦੀ ਅਣਦੇਖੀ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ।