ਸਰਬਜੀਤ ਸਿੰਘ ਭੱਟੀ
ਲਾਲੜੂ, 2 ਅਗਸਤ
ਨਜ਼ਦੀਕੀ ਪਿੰਡ ਟਿਵਾਣਾ ਨੇੜੇ ਲੰਘਦੇ ਘੱਗਰ ਦਰਿਆ ’ਤੇ ਕਰੀਬ ਚਾਰ ਸਾਲ ਪਹਿਲਾਂ ਇਲਾਕਾ ਵਾਸੀਆਂ ਤੇ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਫੰਡ ਇਕੱਠਾ ਕਰਕੇ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਮੁਕੰਮਲ ਹੋਣ ਤੋਂ ਪਹਿਲਾਂ ਹੀ ਵਿਚਾਲੇ ਲਟਕ ਗਿਆ ਹੈ। ਲੋਕਾਂ ਦੀ ਮਦਦ ਨਾਲ ਪੁਲ ’ਤੇ ਇਕ ਕਰੋੜ ਦੀ ਰਾਸ਼ੀ ਖਰਚ ਹੋ ਚੁੱਕੀ ਹੈ ਜਦੋਂਕਿ ਦੋ ਕਰੋੜ ਰੁਪਏ ਵਿੱਚ ਪੁਲ ਦਾ ਨਿਰਮਾਣ ਕਾਰਜ ਮੁਕੰਮਲ ਹੋ ਜਾਣਾ ਸੀ। ਪੁਲ ਦੀ ਅਧੂਰੀ ਉਸਾਰੀ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਕਿਲੋਮੀਟਰ ਦਾ ਫੇਰ ਪਾ ਕੇ ਲਾਲੜੂ ਅਤੇ ਡੇਰਾਬਸੀ ਆਉਣਾ-ਜਾਣਾ ਪੈਂਦਾ ਹੈ। ਘੱਗਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ੈਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਸਿਆਸੀ ਲੋਕਾਂ ਵਿੱਚ ਕੰਮ ਕਰਨ ਦੀ ਇੱਛਾ ਸ਼ਕਤੀ ਨਾ ਹੋਣ ਕਾਰਨ ਪੁਲ ਦਾ ਨਿਰਮਾਣ ਕਾਰਜ ਵਿਚਾਲੇ ਲਟਕ ਰਿਹਾ ਹੈ। ਟਰੱਸਟ ਦੇ ਮੈਂਬਰ ਜਸਮੀਤ ਕੌਰ ਨੇ ਪੁਲ ਨਿਰਮਾਣ ਲਈ ਕਾਫੀ ਵਿੱਤੀ ਸਹਾਇਤਾ ਦਿੱਤੀ ਸੀ ਪਰ ਹੁਣ ਲੋਕ ਆਰਜ਼ੀ ਤੌਰ ’ਤੇ ਕਾਜ਼ਵੇਅ ਬਣਾ ਕੇ ਕੰਮ ਚਲਾ ਰਹੇ ਹਨ। ਪਿੰਡ ਟਿਵਾਣਾ ਵਾਸੀ ਦੱਸਦੇ ਹਨ ਕਿ ਘੱਗਰ ’ਤੇ ਪੁਲ ਬਣਾਉਣ ਦੀ ਮੰਗ ਪਿਛਲੇ ਕਾਫੀ ਸਾਲਾਂ ਤੋਂ ਕੀਤੀ ਜਾ ਰਹੀ ਸੀ। ਵਰ੍ਹਾ 2018 ਵਿੱਚ ਕਾਰਸੇਵਾ ਵਾਲੇ ਬਾਬਾ ਜੀ ਵੱਲੋਂ ਕੰਮ ਸੁਰੂ ਕੀਤਾ ਗਿਆ ਅਤੇ 50 ਪ੍ਰਤੀਸਤ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਾਕੀ ਕੰਮ ਪੋਣੇ ਦੋ ਸਾਲਾਂ ਤੋਂ ਬੰਦ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਨਣ ਨਾਲ ਹਲਕਾ ਘਨੌਰ ਅਤੇ ਰਾਜਪੁਰਾ ਦੇ ਦਰਜਨਾਂ ਪਿੰਡਾਂ ਨੂੰ ਲਾਲੜੂ ਮੰਡੀ ਅਤੇ ਡੇਰਾਬਸੀ ਜਾਣ ਵਿੱਚ ਸੌਖ ਹੋ ਜਾਵੇਗੀ।
ਸਰਕਾਰ ਨੂੰ ਪੁਲ ਦੀ ਉਸਾਰੀ ਮੁਕੰਮਲ ਕਰਵਾਉਣ ਦੀ ਅਪੀਲ
ਸਮਾਜਸੇਵੀ ਸੰਸਥਾ ਮਾਈ ਭਾਗੋ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਜੰਡਲੀ ਨੇ ਦੱਸਿਆ ਕਿ ਦਰਜਨਾਂ ਪਿੰਡਾਂ ਦੇ ਲੋਕ ਘੱਗਰ ਦਰਿਆ ਪਾਰ ਕਰਕੇ ਸਬਜ਼ੀਆਂ ਅਤੇ ਹੋਰ ਫਸਲਾਂ ਵੇਚਣ ਅਤੇ ਲਾਲੜੂ ਖੇਤਰ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਲਈ ਆਉਂਦੇ ਹਨ। ਬਰਸਾਤ ਦੇ ਦਿਨਾਂ ਵਿੱਚ ਘੱਗਰ ਅੰਦਰ ਪਾਣੀ ਜ਼ਿਆਦਾ ਹੋਣ ਕਾਰਨ ਦਿੱਕਤਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੱਗਰ ਦਰਿਆ ’ਤੇ ਅਧੂਰੇ ਪਏ ਪੁਲ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ।