ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਪਰੈਲ
ਉਤਰ ਭਾਰਤ ’ਚ ਗਰਮੀ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਹੈ। ਤਾਪਮਾਨ ਵੱਧਣ ਦੇ ਕਾਰਨ ਲੋਕ ਬੇਹਾਲ ਹੋ ਰਹੇ ਹਨ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਕੂਲੀ ਬੱਚਿਆਂ ਨੂੰ ਹੋ ਰਹੀ ਹੈ। ਇਸ ਦੇ ਚੱਲਦੇ ਪੰਜਾਬ ਸਰਕਾਰ ਨੇ 15 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਪਰ ਦਿਨ ਵੀ ਰੋਜ਼ਾਨਾ ਸਨਅਤੀ ਸ਼ਹਿਰ ਵਿੱਚ ਪਾਰਾ ਵੱਧਦਾ ਹੀ ਜਾ ਰਿਹਾ ਹੈ।
ਸ਼ਨਿੱਚਰਵਾਰ ਨੂੰ ਵੀ ਸੜਕਾਂ ’ਤੇ ਚੱਲਣ ਵਾਲੇ ਲੋਕਾਂ ਦੇ ਗਰਮੀ ਨੇ ਪਸੀਨੇ ਕੱਢ ਦਿੱਤੇ। ਲੁਧਿਆਣਾ ਵਿੱਚ ਪਾਰਾ 43 ਡਿਗਰੀ ਦੇ ਪਾਰ ਰਿਹਾ ਤੇ ਦੁਪਹਿਰ ਵੇਲੇ ਲੂ ਚਲਦੀ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 2 ਦਿਨ ਹੋਰ ਇਸੇ ਤਰ੍ਹਾਂ ਪਾਰਾ ਵੱਧਣ ਦੇ ਆਸਾਰ ਹਨ। ਪੀਏਯੂ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਲੁਧਿਆਣਾ ਵਿੱਚ 2 ਮਈ ਤੱਕ ਇਸੇ ਤਰ੍ਹਾਂ ਪਾਰਾ 42 ਤੇ 43 ਡਿਗਰੀ ਤੱਕ ਰਹਿਣ ਦੇ ਆਸਾਰ ਹਨ। ਲੁਧਿਆਣਾ ਵਿੱਚ ਘੱਟੋਂ ਘੱਟ ਤਾਪਮਾਨ ਵੀ 24 ਤੋਂ 27 ਡਿਗਰੀ ਤੱਕ ਰਹੇਗਾ। ਜਿਸਦੇ ਕਾਰਨ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਪੂਰੀ ਗਰਮੀ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ, ਪਰ ਦੋ ਤਿੰਨ ਦਿਨ ਬਾਅਦ ਪਾਰਾ ਥੱਲੇ ਆਉਣ ਦੇ ਆਸਾਰ ਹਨ। ਉਨ੍ਹਾਂ ਦੱਸਿਆ ਕਿ ਅਗਲਾ ਪੂਰਾ ਹਫ਼ਤਾ ਬਾਰਸ਼ ਨਹੀਂ ਹੈ। ਪਰ ਪਾਰਾ ਜ਼ਰੂਰ 38 ਡਿਗਰੀ ਤੱਕ ਆ ਜਾਏਗਾ।
ਮੌਸਮ ਵਿਭਾਗ ਅਨੁਸਾਰ, ਇਸ ਵਾਰ ਪੈ ਰਹੀ ਗਰਮੀ ਜਿੱਥੇ ਸਿਹਤ ਦੇ ਲਈ ਨੁਕਸਾਨਦਾਇਕ ਹੈ, ਉਥੇਂ ਮੌਨਸੂਨ ਜਲਦੀ ਆਉਣ ਦੇ ਵੱਲ ਵੀ ਇਸ਼ਾਰਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਮੌਨਸੂਨ ਜਲਦੀ ਆ ਸਕਦਾ ਹੈ।
ਬੱਚਿਆਂ ਦੇ ਸਕੂਲਾਂ ਦਾ ਸਮਾਂ ਬਦਲਿਆ
ਗਰਮੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਸਕੂਲ ਵਾਲੇ ਹਰਕਤ ਵਿੱਚ ਆਏ ਹਨ। ਜ਼ਿਆਦਾਤਰ ਸਕੂਲ ਵਾਲਿਆਂ ਨੇ ਸੋਮਵਾਰ ਤੋਂ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7 ਵਜੇ ਕਰ ਦਿੱਤਾ ਹੈ, ਛੁੱਟੀ ਦਾ ਸਮਾਂ ਵੀ ਕਈ ਸਕੂਲਾਂ ਵਿੱਚ 11 ਤੇ ਕਈਆਂ ਵਿੱਚ 12 ਵਜੇ ਕਰ ਦਿੱਤਾ ਗਿਆ ਹੈ। ਸਰਕਾਰ ਨੇ ਬੱਚਿਆਂ ਦੀ ਆਨਲਾਈਨ ਕਲਾਸਾਂ ਜਾਰੀ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ ਤਾਂ ਕਿ ਬੱਚੇ ਘਰ ’ਤੇ ਹੀ ਰਹਿ ਕੇ ਆਪਣੀ ਪੜਾਈ ਜਾਰੀ ਰੱਖ ਸਕਣ। ਇਹ ਫੈਸਲਾ ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ ਹੈ।