ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ ਦੀ ਕੜੀ ਵਜੋਂ ਦਿੱਲੀ ਦੀਆਂ ਹੱਦਾਂ ’ਤੇ ਜਾਰੀ ਧਰਨੇ ਦੌਰਾਨ 8 ਮਾਰਚ ਨੂੰ ਮਨਾਏ ਜਾ ਰਹੇ ਮਹਿਲਾ ਦਿਵਸ ਲਈ ‘ਇਸਤਰੀ ਜਾਗਰਤੀ ਮੰਚ’ ਨਾਲ਼ ਸਬੰਧਿਤ ਬੀਬੀਆਂ ਦਾ ਜਥਾ ਅੱਜ ਇੱਥੋਂ ਦਿੱਲੀ ਲਈ ਰਵਾਨਾ ਹੋਇਆ। ਮੰਚ ਦੀ ਆਗੂ ਅਮਨਦੀਪ ਕੌਰ ਦਿਓਲ ਅਤੇ ਸਪਨਾ ਨੇ ਕਿਹਾ ਕਿ ਔਰਤ ਦਿਵਸ, ਔਰਤਾਂ ਅੰਦਰ ਇਕ ਨਵੀਂ ਚੇਤਨਾ ਦਾ ਪਸਾਰ ਲੈ ਕੇ ਆਵੇਗਾ ਜਿਸ ਨਾਲ ਔਰਤਾਂ ਸਮਾਜ ਅੰਦਰ ਦੂਜੇ ਦਰਜੇ ਦੇ ਮਨੁੱਖ ਦੇ ਤੌਰ ’ਤੇ ਹੁੰਦੇ ਵਿਤਕਰੇ ਖ਼ਿਲਾਫ਼ ਵੀ ਜੂਝਣ ਲਈ ਪ੍ਰੇਰਿਤ ਹੋਣਗੀਆਂ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਕਿਸਾਨਾਂ-ਮਜ਼ਦੂਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ਉੱਪਰ ਮੋਦੀ ਦੀ ਭਾਜਪਾ ਸਰਕਾਰ ਖ਼ਿਲਾਫ਼ ਚੱਲ ਰਿਹਾ ਕਿਸਾਨੀ ਸੰਘਰਸ਼ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਮਾਪਤ ਹੋਵੇਗਾ। ਇੱਥੇ ਰਿਲਾਇੰਸ ਪੰਪ ਅੱਗੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 158ਵੇਂ ਦਿਨ ਚਲ ਰਹੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨੀ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਤੋਂ ਅੱਗੇ ਤਾਂ ਵਧ ਸਕਦਾ ਹੈ ਪਰ ਪਿੱਛੇ ਨਹੀਂ ਹਟੇਗਾ। ਧਰਨੇ ਨੂੰ ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਤੇ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਠ ਮਾਰਚ ਨੂੰ ਜਥੇਬੰਦੀ ਵੱਲੋਂ ਦਿੱਲੀ ’ਚ ਕੌਮਾਂਤਰੀ ਔਰਤ ਦਿਵਸ ਮਨਾ ਕੇ ਔਰਤ ਸ਼ਕਤੀ ਦਿਖਾਈ ਜਾਵੇਗੀ। ਅੱਠ ਮਾਰਚ ਨੂੰ ਜਥੇਬੰਦੀ ਦੀਆਂ ਸਾਰੀਆਂ ਸਟੇਜਾਂ ਦੀ ਕਮਾਂਡ ਔਰਤਾਂ ਹੀ ਚਲਾਉਣਗੀਆਂ।
ਭਾਦਸੋਂ (ਹਰਦੀਪ ਭੰਗੂ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ 8 ਮਾਰਚ ਨੂੰ ਮਨਾਏ ਜਾ ਰਹੇ ਵਿਸ਼ਵ ਮਹਿਲਾ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਭਾਦਸੋਂ ਵੱਲੋਂ ਤਕਰੀਬਨ 150 ਔਰਤਾਂ ਦਾ ਜਥਾ ਵੱਖ ਵੱਖ ਸਾਧਨਾਂ ਰਾਹੀਂ ਦਿੱਲੀ ਰਵਾਨਾ ਕੀਤਾ ਗਿਆ। ਭਾਕਿਯੂ (ਏਕਤਾ-ਡਕੌਂਦਾ) ਦੇ ਸੂਬਾ ਖਜ਼ਾਨਚੀ ਰਾਮ ਸਿੰਘ ਮਟੋਰੜਾ ਨੇ ਦੱਸਿਆ ਕਿ ਦਿੱਤੂਪਰ, ਸੁੱਧੇਵਾਲ, ਤਰਖੇੜੀ, ਟੌਹੜਾ, ਮਟੋਰੜਾ, ਅਜਨੌਦਾ, ਮੰਡੌੜ, ਪੇਧਨ, ਪੇਧਨੀ, ਕਨਸੂਹਾ, ਘਣੀਵਾਲ, ਲੋਪੇ ਆਦਿ ਵੱਖ ਵੱਖ ਪਿੰਡਾਂ ਵਿਚੋਂ ਨੁਮਾਇੰਦਿਆਂ ਨੇ ਆਪਣੀਆਂ ਡਿਊਟੀਆਂ ਲਾ ਕੇ ਔਰਤਾਂ ਨੂੰ ਲਾਮਬੰਦ ਕੀਤਾ।
ਘਨੌਰ (ਗੁਰਪ੍ਰੀਤ ਸਿੰਘ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪਿੰਡ ਹਰਪਾਲਪੁਰ ਤੋਂ ਕਿਸਾਨ ਆਗੂਆਂ ਜਸਪਾਲ ਸਿੰਘ, ਜੰਗ ਸਿੰਘ, ਹਾਕਮ ਸਿੰਘ, ਗੁਰਜੀਤ ਸਿੰਘ ਫੌਜੀ, ਤਰਲੋਚਨ ਸਿੰਘ, ਭਗਵਾਨ ਸਿੰਘ, ਹਰਪ੍ਰੀਤ ਸਿੰਘ, ਬੁਧੂ ਸਿੰਘ ਕਾਲਾ ਦੀ ਸਾਂਝੀ ਅਗਵਾਈ ਵਿੱਚ ਕਿਸਾਨਾਂ ਦਾ ਜਥਾ ਦਿੱਲੀ ਦੇ ਸਿੰਘੂ ਬਾਰਡਰ ਲਈ ਗਰਮੀ ਦੇ ਮੌਸਮ ਦੌਰਾਨ ਬਚਾਅ ਲਈ ਰੈਣ ਬਸੇਰਾ ਉਸਾਰਨ ਲਈ ਸਮੱਗਰੀ ਲੈ ਕੇ ਰਵਾਨਾ ਹੋਇਆ।
ਮਸਤੂਆਣਾ ਸਾਹਿਬ (ਐੱਸਐੱਸ ਸੱਤੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਪ੍ਰੋਗਰਾਮਾਂ ਦੇ ਚਲਦਿਆਂ 8 ਮਾਰਚ ਨੂੰ ਦਿੱਲੀ ਦੇ ਅੰਦੋਲਨਾਂ ਵਿੱਚ ਔਰਤ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸ਼ਮੂਲੀਅਤ ਕਰਨ ਲਈ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚੋਂ ਔਰਤਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਲੱਡਾ ਤੋਂ ਔਰਤਾਂ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ।
ਪੰਜਵੇਂ ਮਹੀਨੇ ਵਿੱਚ ਪੁੱਜਿਆ ਸੰਗਰੂਰ ਰੇਲਵੇ ਸਟੇਸ਼ਨ ’ਤੇ ਲੱਗਿਆ ਧਰਨਾ
ਸੰਗਰੂਰ (ਗੁਰਦੀਪ ਸਿੰਘ ਲਾਲੀ): 31 ਕਿਸਾਨ ਜਥੇਬੰਦੀਆਂ ਵੱਲੋਂ ਸੰਗਰੂਰ ਦੇ ਰੇਲਵੇ ਸਟੇਸ਼ਨ ’ਤੇ ਲਾਇਆ ਮੋਰਚਾ ਪੰਜਵੇਂ ਮਹੀਨੇ ਵਿੱਚ ਪੁੱਜ ਗਿਆ ਹੈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਹਾਲੇ ਤੱਕ ਕਾਲੇ ਕਾਨੂੰਨਾਂ ਦੇ ਫਾਇਦੇ ਨਹੀਂ ਦੱਸ ਸਕੀ ਜਦੋਂ ਕਿ ਕਿਸਾਨ ਆਗੂ ਇਸ ਦੀਆਂ ਕਮੀਆਂ ਵਾਰ ਵਾਰ ਸਰਕਾਰ ਨੂੰ ਦੱਸ ਚੁੱਕੇ ਹਨ। ਕਿਸਾਨ ਆਗੂਆਂ ਨੇ ਕੱਲ੍ਹ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਸੰਗਰੂਰ ਰੇਲਵੇ ਸਟੇਸ਼ਨ ਤੇ ਕਿਸਾਨੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਖੇ ਨਿਰਮਲ ਸਿੰਘ ਬਟੜਿਆਣਾ, ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਰਾਮ ਸਿੰਘ ਸੋਹੀਆਂ, ਰੋਹੀ ਸਿੰਘ ਮੰਗਵਾਲ, ਹਰਜੀਤ ਸਿੰਘ ਕਲੌਦੀ, ਲੱਖਮੀ ਚੰਦ, ਨਿਰਭੈ ਸਿੰਘ, ਗੱਜਣ ਸਿੰਘ ਲੱਡੀ, ਦਰਸ਼ਨ ਸਿੰਘ, ਕ੍ਰਿਸ਼ਨ ਸਿੰਘ ਤਰਕਸ਼ੀਲ ਆਗੂ, ਹਰਮੇਲ ਸਿੰਘ ਮਹਿਰੋਕ ਨੇ ਸੰਬੋਧਨ ਕੀਤਾ।