ਹਰਜੀਤ ਸਿੰਘ
ਜ਼ੀਰਕਪੁਰ, 8 ਅਗਸਤ
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਹੈਜ਼ਾ ਫੈਲਣ ਨਾਲ ਇੱਕ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ 15 ਦੇ ਕਰੀਬ ਮਰੀਜ਼ ਹੋਰ ਸਾਹਮਣੇ ਆਏ ਹਨ। ਹੈਜ਼ੇ ਕਾਰਨ ਮਰਨ ਵਾਲੀ ਬੱਚੀ ਬਲਟਾਣਾ ਦੀ ਸਦਾ ਸ਼ਿਵ ਐਨਕਲੇਵ ਕਲੋਨੀ ਦੀ ਵਸਨੀਕ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਹਸਪਤਾਲ ਦੇ ਰਿਕਾਰਡ ਅਨੁਸਾਰ ਸੁਨੈਨਾ ਦੱਸਿਆ ਹੈ। ਬਲਟਾਣਾ ਖੇਤਰ ਦੀ ਏਕਤਾ ਵਿਹਾਰ, ਰਵਿੰਦਰਾ ਐਨਕਲੇਵ ਅਤੇ ਸਦਾਸ਼ਿਵ ਐਨਕਲੇਵ ਵਿੱਚ ਲੰਘੇ ਕੁਛ ਦਿਨਾਂ ਤੋਂ ਲੋਕਾਂ ਨੂੰ ਪੇਟ ਦਰਦ, ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਹੈ। ਪਹਿਲਾਂ ਤਾਂ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਮਗਰੋਂ ਕੇਸ ਵਧਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਖੇਤਰ ਵਿੱਚ ਹੁਣ ਤੱਕ 15 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਨੂੰ ਪੰਚਕੂਲਾ ਦੇ ਹਸਪਤਾਲਾਂ ਵਿਚ ਭਰਤੀ ਕੀਤਾ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ ਕਰੀਬ ਤਿੰਨ ਸਾਲਾ ਬੱਚੀ ਸੁਨੈਨਾ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਨੇ ਬੱਚੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਤੱਕ 8 ਤੋਂ 10 ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਪੰਚਕੂਲਾ ਹਸਪਤਾਲ ਵੱਲੋਂ ਮੁਹੱਈਆ ਕਰਵਾਈ ਗਈ ਸੂਚੀ ਵਿੱਚ ਮਰੀਜ਼ਾਂ ਦੇ ਘਰਾਂ ਦੇ ਪਤੇ ਲਿਖੇ ਹੋਣ ਦੀ ਥਾਂ ਸਿਰਫ ਬਲਟਾਣਾ ਖੇਤਰ ਲਿਖਿਆ ਹੋਇਆ ਹੈ ਜਿਸ ਕਾਰਨ ਉਨ੍ਹਾਂ ਦੀ ਟੀਮ ਨੂੰ ਮਰੀਜ਼ਾਂ ਦੇ ਘਰ ਲੱਭਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ। ਪ੍ਰਸ਼ਾਸਨ ਨੂੰ ਖੇਤਰ ਵਿੱਚ ਸਾਫ ਪਾਣੀ ਮੁਹੱਈਆ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।