ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਮਈ
ਇੱਥੋਂ ਦੇ ਨਿੱਜੀ ਸਕੈਨ ਸੈਂਟਰ ਵੱਲੋਂ ਕਰੋਨਾ ਮਰੀਜ਼ਾਂ ਤੋਂ ‘ਸੀਟੀ ਸਕੈਨ’ ਦੀ 25 ਸੌ ਰੁਪਏ ਟੈਸਟ ਫੀਸ ਵਸੂਲ ਕੀਤੀ ਜਾ ਰਹੀ ਹੈ ਜਦੋਂ ਕਿ ਸਰਕਾਰ ਵੱਲੋਂ ਇਸ ਟੈਸਟ ਦੀ ਫੀਸ ਸਿਰਫ ਦੋ ਹਜ਼ਾਰ ਰੁਪਏ ਮੁਕੱਰਰ ਕੀਤੀ ਗਈ ਹੈ। ਇਸ ਜਬਰੀ ਵਸੂਲੀ ਖ਼ਿਲਾਫ਼ ਸਿਵਲ ਸਰਜਨ ਮੁਕਤਸਰ ਦੇ ਧਿਆਨ ਵਿੱਚ ਮਾਮਲਾ ਲਿਆਉਣ ਦੇ ਬਾਵਜੂਦ ਦੋ ਹਫਤੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਵਿਭਾਗ ਦੀ ਇਸ ਢਿੱਲ ’ਤੇ ਖ਼ਫ਼ਾ ਹੁੰਦਿਆਂ ‘ਆਮ ਆਦਮੀ ਪਾਰਟੀ’ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੁਖਜਿੰਦਰ ਸਿੰਘ ਕਾਉਣੀ ਅਤੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ ਦੀ ਅਗਵਾਈ ਹੇਠ ਸਿਵਲ ਹਸਪਤਾਲ ਮੂਹਰੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਹੜਤਾਲ ਵਿੱਚ ਜਗਮੋਹਨ ਸਿੰਘ ਸੁਖਨਾ, ਜਗਮੀਤ ਸਿੰਘ ਜੱਗਾ ਕੌਂਸਲਰ, ਲਖਵੀਰ ਸਿੰਘ ਸੋਨੂੰ ਦੋਦਾ, ਅਮਰਧੀਰ ਸਿੰਘ ਬਾਮ ਅਤੇ ਸ਼ੇਰਜੰਗ ਸਿੰਘ ਸ਼ਾਮਲ ਹੋਏ ਸਨ। ਇਸ ਦੌਰਾਨ ਸਬੰਧਤ ਸਕੈਨ ਸੈਂਟਰ ਦੇ ਪ੍ਰਬੰਧਕ ਨੇ ਦੱਸਿਆ ਕਿ ਪੰਜ ਸੌ ਰੁਪਏ ਕਿੱਟ ਦੀ ਕੀਮਤ ਵਸੂਲੀ ਜਾਂਦੀ ਸੀ ਜਿਹੜੀ ਕਿ ਹੁਣ ਕੰਪਨੀ ਦੀ ਹਦਾਇਤ ਅਨੁਸਾਰ ਬੰਦ ਕਰ ਦਿੱਤੀ ਹੈ ਅਤੇ ਸਿਰਫ ਦੋ ਹਜ਼ਾਰ ਰੁਪਏ ਹੀ ਵਸੂਲ ਕੀਤੇ ਜਾਂਦੇ ਹਨ। ਸਿਵਲ ਰੰਜੂ ਸਿੰਗਲਾ ਨੇ ਦੱਸਿਆ ਕਿ ਸਬੰਧਤ ਸੈਂਟਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।