ਪੱਤਰ ਪ੍ਰੇਰਕ
ਮਾਨਸਾ, 2 ਜੂਨ
ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ। ਪਰਿਵਾਰ ਵੱਲੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿੰਨਾ ਛੇਤੀ ਹੋ ਸਕੇ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਅਸਲੀਅਤ ਬਾਹਰ ਲਿਆਂਦੀ ਜਾਵੇ। ਇਸ ਤੋਂ ਪਹਿਲਾਂ ਅੱਜ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੂਸਾ ਆਏ। ਪਰਿਵਾਰ ਵੱਲੋਂ ਉਨ੍ਹਾਂ ਨਾਲ ਵੀ ਇਸ ਮਸਲੇ ’ਤੇ ਗੱਲਬਾਤ ਕੀਤੀ ਗਈ ਕਿ ਚਾਰ ਦਿਨ ਬੀਤਣ ਦੇ ਬਾਵਜੂਦ ਹਾਲੇ ਤੱਕ ਪੁਲੀਸ ਦੇ ਹੱਥ ਖਾਲੀ ਹਨ। ਉਧਰ ਕੇਂਦਰੀ ਮੰਤਰੀ ਨੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਸਲਾ ਦਿੰਦਿਆਂ ਕਿਹਾ ਕਿ ਉਹ ਇਸ ਕਤਲ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਾਉਣ ਸਬੰਧੀ ਉਨ੍ਹਾਂ ਦੀ ਮੰਗ ਪਹਿਲ ਦੇ ਆਧਾਰ ’ਤੇ ਕੇਂਦਰ ਸਰਕਾਰ ਕੋਲ ਰੱਖਣਗੇ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਮਸ਼ਹੂਰ ਇਸ ਗਾਇਕ ਦਾ ਇਉਂ ਕਤਲ ਹੋਣਾ ਪੰਜਾਬ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹਾ ਕਰਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਨਾਲ ਸਾਂਝੀ ਕਰਨਾ ਗ਼ੈਰ-ਜ਼ਿੰਮੇਵਾਰੀ ਵਾਲੀ ਵਤੀਰਾ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ, ਸੁਨੀਲ ਜਾਖੜ ਤੇ ਅਰਵਿੰਦ ਖੰਨਾ ਵੀ ਮੌਜੂਦ ਸਨ।
ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਤਰ: ਸ਼ੇਖਾਵਤ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਗਈ ਹੈ, ਇੱਥੇ ਦਿਨ-ਦਿਹਾੜੇ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਅਜੋਕੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਨਾ ਸਿਰਫ਼ ਪੰਜਾਬ, ਸਗੋਂ ਦੇਸ਼ ਵਿਦੇਸ਼ ਵਿੱਚ ਪੰਜਾਬੀ ਗਾਇਕੀ ਨਾਲ ਪਿਆਰ ਕਰਨ ਵਾਲਿਆਂ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਮੁੱਚੇ ਮਾਮਲੇ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਣੂ ਕਰਵਾਉਣਗੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਅਰਵਿੰਦ ਖੰਨਾ ਸਾਬਕਾ ਵਿਧਾਇਕ, ਸੂਬਾ ਆਗੂ ਦਿਆਲ ਸੋਢੀ ਅਤੇ ਰਾਜ ਨੰਬਰਦਾਰ ਹਾਜ਼ਰ ਸਨ।
ਮੂਸੇਵਾਲਾ ਦਾ ਕਿਸਾਨ ਅੰਦੋਲਨ ਦੌਰਾਨ ਵੱਡਾ ਯੋਗਦਾਨ: ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਦੇ ਦੇਰ ਰਾਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਗਰੋਂ ਅੱਜ ਇੰਡੀਅਨ ਫਰਾਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਸਮੇਤ ਹੋਰਨਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਜਤਾਈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕੋ-ਇੱਕ ਪੰਜਾਬੀ ਗਾਇਕ ਸੀ, ਜਿਸ ਨੇ ਆਪਣੀ ਜਨਮ ਭੂਮੀ ਨਾਲ ਮੋਹ ਬਣਾਈ ਰੱਖਿਆ ਅਤੇ ਪੇਂਡੂ ਸੱਭਿਆਚਾਰ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਉੱਘੇ ਗਾਇਕ ਦਾ ਰੁਤਬਾ ਹਾਸਲ ਕਰਨ ਮਗਰੋਂ ਵੀ ਸਿੱਧੂ ਹੱਥੀਂ ਟਰੈਕਟਰ ਚਲਾ ਕੇ ਪਿਤਾ ਪੁਰਖੀ ਖੇਤੀ ਨੂੰ ਪਹਿਲ ਦਿੰਦੇ ਰਹੇ। ਉਨ੍ਹਾਂ ਦੱਸਿਆ ਕਿ ਜਦੋਂ ਦਿੱਲੀ ਵਿੱਚ ਵੱਖ-ਵੱਖ ਬਾਰਡਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਵਿਆਪਕ ਅੰਦੋਲਨ ਚੱਲ ਰਿਹਾ ਸੀ ਤਾਂ ਸਿੱਧੂ ਮੂਸੇਵਾਲਾ ਨੇ ਗੀਤਾਂ ਰਾਹੀਂ ਮੋਰਚੇ ਦੀਆਂ ਸਟੇਜਾਂ ਤੋਂ ਜਜ਼ਬਾਤੀ ਭਾਸ਼ਣਾਂ ਨਾਲ ਕਿਸਾਨ ਮੋਰਚੇ ਨੂੰ ਵੱਡੀ ਜਨਤਕ ਲਹਿਰ ਵਿੱਚ ਬਦਲਿਆ, ਇਸ ਲਈ ਅੱਜ ਉਹ ਦੇਸ਼ ਦੇ ਕਿਸਾਨਾਂ ਵੱਲੋਂ ਉਸ ਦੇ ਮਾਪਿਆਂ ਨੂੰ ਹੌਂਸਲਾ ਦੇਣ ਆਏ ਹਨ।ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਸਿੱਧੂ ਮੂਸੇਵਾਲਾ ਨੂੰ ਖੇਤਾਂ ਦਾ ਪੁੱਤ ਦੱਸਿਆ।