ਗਗਨਦੀਪ ਅਰੋੜਾ
ਲੁਧਿਆਣਾ, 22 ਅਕਤੂਬਰ
ਸਨਅਤੀ ਸ਼ਹਿਰ ਦੇ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਹੁਕਮ ਜਾਰੀ ਕੀਤਾ ਹੈ ਕਿ ਸ਼ਹਿਰ ਵਿੱਚ ਦੀਵਾਲੀ ਵਾਲੀ ਰਾਤ 8 ਵਜੇ ਤੋਂ 10 ਵਜੇ ਤੱਕ ਸਿਰਫ਼ 2 ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ। ਨਿਰਧਾਰਿਤ ਸਮੇਂ ਤੋਂ ਬਾਅਦ ਪਟਾਕੇ ਚਲਾਉਂਦੇ ਫੜ ਜਾਣ ਵਾਲਿਆਂ ਜੁਰਮਾਨਾ ਲਾਇਆ ਜਾਵੇਗਾ। ਇਹ ਹੁਕਮ ਸਿਰਫ ਦੀਵਾਲੀ ’ਤੇ ਹੀ ਨਹੀਂ ਬਲਕਿ ਆਉਣ ਵਾਲੇ ਗੁਰਪੁਰਬ ਦੇ ਨਾਲ ਨਾਲ ਕ੍ਰਿਸਮਿਸ ਡੇਅ ਅਤੇ ਨਵੇਂ ਸਾਲ ਦੇ ਜਸ਼ਨ ਮੌਕੇ ਵੀ ਲਾਗੂ ਹੋਣਗੇ। ਇੰਨੇ ਵੱਡੇ ਤਿਉਹਾਰਾਂ ’ਤੇ ਵੀ ਪੁਲੀਸ ਪ੍ਰਸ਼ਾਸਨ ਨੇ ਟਾਈਮ ਟੇਬਲ ਯਕੀਨੀ ਕਰ ਦਿੱਤਾ ਹੈ। ਇਹ ਵੀ ਤੈਅ ਕੀਤਾ ਗਿਆ ਹੈ ਕਿ ਕਿਹੜੇ ਪਟਾਕੇ ਚਲਾਏ ਜਾਣਗੇ। ਇਹੀ ਨਹੀਂ ਹਾਨੀਕਾਰਕ ਕੈਮੀਕਲ ਯੁਕਤ ਪਟਾਕੇ ਚਲਾਉਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੀਵਾਲੀ ’ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਪਟਾਕਿਆਂ ਦੀਆਂ ਲੜੀਆਂ ’ਤੇ ਵੀ ਰੋਕ ਹੈ। ਪ੍ਰਸ਼ਾਸਨ ਨੇ ਆਨਲਾਈਨ ਪਟਾਕੇ ਵੇਚਣ ’ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਪ੍ਰਸ਼ਾਸਨ ਨੇ ਗ੍ਰੀਨ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦੀ ਹੀ ਆਗਿਆ ਦਿੱਤੀ ਹੈ। ਜਿਹੜੇ ਪਟਾਕਿਆਂ ਜਾਂ ਆਤਿਸ਼ਾਬਾਜ਼ੀ ’ਚ ਬੋਰੀਅਮ ਸਾਲਟਸ ਜਾਂ ਕੰਪਾਊਂਡ ਐਂਟੀਮਨੀ, ਲਿਟੀਅਮ, ਮਰਕਰੀ ਤੇ ਹੋਰ ਖਤਰਨਾਕ ਪਦਾਰਥ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਨੂੰ ਚਲਾਉਣ ’ਤੇ ਪਾਬੰਦੀ ਰਹੇਗੀ। ਇਨ੍ਹਾਂ ਨੂੰ ਚਲਾਉਣ ’ਤੇ ਵੀ ਅਪਰਾਧਕ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਨਲਾਈਨ ਪਟਾਕੇ ਖਰੀਦਣ ’ਤੇ ਵੀ ਅਪਰਾਧਕ ਕੇਸ ਦਰਜ ਹੋ ਸਕਦਾ ਹੈ। ਪ੍ਰਸ਼ਾਸਨ ਨੇ ਹਸਪਤਾਲ ਤੇ ਸਿੱਖਿਆ ਕੇਂਦਰਾਂ ਤੋਂ 100 ਮੀਟਰ ਦੇ ਦਾਇਰੇ ’ਚ ਪਟਾਕੇ ਚਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਲ ਹੀ ’ਚ ਕਰੋਨਾ ਦਾ ਬੁਰਾ ਦੌਰ ਨਿਕਲਿਆ ਹੈ ਪਰ ਇਸ ਦਾ ਅਸਰ ਹਾਲੇ ਵੀ ਲੋਕਾਂ ’ਤੇ ਹੈ। ਪਟਾਕਿਆਂ ਦੇ ਧੂੁੰਏ ਨਾਲ ਕਰੋਨਾ ਪੀੜਤ ਲੋਕਾਂ ਨੂੰ ਸਾਹ ਲੈਣ ’ਚ ਮੁ਼ਸ਼ਕਲ ਹੋ ਸਕਦੀ ਹੈ, ਇਸ ਲਈ ਉਹ ਇਕੱਠੇ ਹੋ ਕੇ ਘੱਟ ਤੋਂ ਘੱਟ ਪਟਾਕੇ ਚਲਾਉਣ।
ਤਿਉਹਾਰਾਂ ਮੌਕੇ ਪਟਾਕੇ ਚਲਾਉਣ ਲਈ ਟਾਈਮ ਟੇਬਲ
ਪੁਲੀਸ ਪ੍ਰਸ਼ਾਸਨ ਦੇ ਵੱਲੋਂ ਤੈਅ ਕੀਤੇ ਗਏ ਸਮੇਂ ਅਨੁਸਾਰ ਦੀਵਾਲੀ ਦੀ ਰਾਤ ਨੂੰ ਸਿਰਫ਼ 8 ਤੋਂ 10 ਵਜੇ ਤੱਕ 2 ਘੰਟੇ ਹੀ ਪਟਾਕੇ ਚਲਾਏ ਜਾਣਗੇ। ਇਸ ਤੋਂ ਇਲਾਵਾ ਗੁਰਪੁਰਬ ’ਤੇ ਵੀ ਤੜਕੇ 4 ਤੋਂ 5 ਵਜੇ ਅਤੇ ਸ਼ਾਮ ਨੂੰ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੈ। ਇਸ ਤੋਂ ਇਲਾਵਾ ਕ੍ਰਿਸਮਿਸ ਡੇਅ ’ਤੇ 25 ਦਸੰਬਰ ਅਤੇ ਨਵੇਂ ਸਾਲ ਦੀ ਰਾਤ 11.55 ਵਜੇ ਤੋਂ 12.30 ਵਜੇ ਮਿੰਟ ਤੱਕ ਪਟਾਕੇ ਚਲਾਏ ਜਾ ਸਕਣਗੇ।