ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਪਰੈਲ
ਬਿਜਲੀ ਸੰਕਟ ਨਾਲ ਜੂਝ ਰਹੀ ਸਰਕਾਰ ਤੇ ਪਾਵਰਕੌਮ ਨੂੰ ਸਮਝ ਨਹੀਂ ਲੱਗ ਰਹੀ ਕਿ ਇਸ ਨਾਲ ਕਿਵੇਂ ਸਿੱਝਿਆ ਜਾਵੇ। ਬਿਜਲੀ ਸੰਕਟ ਕਾਰਨ ਅੱਜ ਸ਼ਹਿਰ ਦੀਆਂ ਅੱਧੀਆਂ ਫੈਕਟਰੀਆਂ ਬੰਦ ਰਹੀਆਂ। ਸ਼ਹਿਰ ਦੇ ਸਨਅਤੀ ਇਲਾਕੇ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਲਾਏ ਜਾ ਰਹੇ ਬਿਜਲੀ ਕੱਟਾਂ ਨਾਲ ਪਾਵਰਕੌਮ ਨੇ ਅੱਜ ਇੱਕ ਹਜ਼ਾਰ ਮੈਗਾਵਾਟ ਬਿਜਲੀ ਬਚਾਉਣ ਦਾ ਦਾਅਵਾ ਕੀਤਾ ਹੈ। ਲੰਬੇ ਕੱਟ ਲਾਉਣ ਦੇ ਬਾਵਜੂਦ ਅੱਜ ਬਿਜਲੀ ਦੀ ਮੰਗ 9300 ਮੈਗਾਵਾਟ ਤੱਕ ਜਾ ਪਹੁੰਚੀ ਹੈ। ਆਮ ਤੌਰ ’ਤੇ ਮਈ ਦੇ ਅੱਧ ਤੱਕ 10 ਹਜ਼ਾਰ ਮੈਗਾਵਾਟ ਤੱਕ ਲੋਡ ਚਲਿਆ ਜਾਂਦਾ ਹੈ ਪਰ ਇਸ ਵਾਰ ਅਪਰੈਲ ਵਿਚ ਹੀ ਪੈ ਰਹੀ ਅਤਿ ਦੀ ਗਰਮੀ ਨੇ ਪਾਵਰਕੌਮ ਦੇ ਸਾਰੇ ਪ੍ਰਬੰਧਾਂ ਦੇ ਫਿਊਜ਼ ਉਡਾ ਕੇ ਰੱਖ ਦਿੱਤੇ ਹਨ। ਉਧਰ, ਪਿੰਡਾਂ ਵਿਚ 10 ਘੰਟਿਆਂ ਤੋਂ ਵੀ ਲੰਬੇ ਕੱਟ ਲੱਗ ਰਹੇ ਹਨ।
ਸਨਅਤਕਾਰ ਨਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਫੈਕਟਰੀਆਂ ਨੂੰ ਦਿੱਤੀਆਂ ਜਾਣ ਵਾਲੀ ਬਿਜਲੀ ’ਚ 12 ਘੰਟੇ ਕੱਟ ਲਾਉਣ ਦਾ ਫ਼ੁਰਮਾਨ ਜਾਰੀ ਕੀਤਾ ਗਿਆ ਸੀ। ਜਦੋਂ ਇਸ ਦਾ ਵਿਰੋਧ ਕੀਤਾ ਗਿਆ ਕਿ ਕਾਨੂੰਨਨ ਤੌਰ ’ਤੇ ਅਜਿਹਾ ਨਹੀਂ ਕੀਤਾ ਜਾ ਸਕਦਾ ਤਾਂ ਇਨ੍ਹਾਂ ਹਦਾਇਤਾਂ ਨੂੰ ਪਾਵਰਕੌਮ ਨੇ ਵਾਪਸ ਲੈ ਲਿਆ। ਸਰਕਾਰ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਬਿਜਲੀ ਸੰਕਟ ਦੇ ਇਸ ਦੌਰ ’ਚ ਸਹਿਯੋਗ ਕੀਤਾ ਜਾਵੇ ਤੇ ਵਾਲੰਟੀਅਰ ਤੌਰ ’ਤੇ ਬਿਜਲੀ ਦੀ ਵਰਤੋਂ ਘੱਟ ਕੀਤੀ ਜਾਵੇ।
ਸ੍ਰੀ ਸੱਗੂ ਨੇ ਦੱਸਿਆ ਕਿ ਸ਼ਹਿਰ ਵਿਚ 15 ਹਜ਼ਾਰ ਦੇ ਕਰੀਬ ਛੋਟੇ-ਵੱਡੇ ਸਨਅਤ ਹਨ। ਇਨ੍ਹਾਂ ਵਿੱਚੋਂ ਅੱਜ ਅੱਧੀਆਂ ਫੈਕਟਰੀਆਂ ਬੰਦ ਰਹੀਆਂ ਹਨ ਤੇ ਇਸੇ ਤਰ੍ਹਾਂ ਅੱਧੀਆਂ ਫੈਕਟਰੀਆਂ ਭਲ੍ਹਕੇ ਐਤਵਾਰ ਨੂੰ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਸਨਅਤਕਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਤੇ ਲੇਬਰ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਵੇਗੀ। ਬਿਜਲੀ ਕੱਟਾਂ ਦਾ ਮੁਕਾਬਲਾ ਕਰਨ ਲਈ ਸਨਅਤਕਾਰਾਂ ਲਈ ਜੈਨਰੇਟਰ ਚਲਾਉਣੇ ਔਖੇ ਹਨ।
ਸ਼ਹਿਰਾਂ ਵਿਚ ਫੈਕਟਰੀਆਂ ਲਈ 12 ਘੰਟੇ ਬਿਜਲੀ ਬੰਦ ਰਹਿੰਦੀ ਹੈ ਅਤੇ ਪਿੰਡਾਂ ਵਿਚ 10 ਘੰਟੇ ਕੱਟ ਲੱਗਦੇ ਹਨ। ਇਹ ਸਥਿਤੀ ਕੋਲੇ ਦੇ ਸੰਕਟ ਕਾਰਨ ਪੈਦਾ ਹੋਈ ਹੈ। ਪਿੰਡਾਂ ਵਿਚ ਵੀ ਖੇਤੀ ਲਈ ਨਿਰਵਿਘਨ ਸਪਲਾਈ ਨਹੀਂ ਆ ਰਹੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਬਿਜਲੀ ਸੰਕਟ ਕਾਰਨ ਖੇਤੀ ਸੈਕਟਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ਵਿਚ ਫ਼ੈਸਲਾ ਹੋਇਆ ਹੈ ਕਿ ਝੋਨੇ ਲਈ ਪਹਿਲੀ ਜੂਨ ਤੋਂ ਲਗਾਤਾਰ ਬਿਜਲੀ ਸਪਲਾਈ ਨਾ ਹੋਈ ਤਾਂ ਸੰਘਰਸ਼ ਵਿੱਢ ਦਿੱਤਾ ਜਾਵੇਗਾ।