ਜਸਬੀਰ ਸ਼ੇਤਰਾ
ਜਗਰਾਉਂ, 1 ਅਪਰੈਲ
ਪਿੰਡ ਅਖਾੜਾ ’ਚ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਕੁਝ ਸਾਲ ਪਹਿਲਾਂ ਗੰਨਮੈਨ ਵਜੋਂ ਨੌਕਰੀ ਕਰਨ ਵਾਲਾ ਪਰਮਜੀਤ ਸਿੰਘ ਅੱਜ ਉਸੇ ਬੈਂਕ ਦਾ ਮੈਨੇਜਰ ਬਣ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਪੁੜੈਣ ਦੇ ਰਹਿਣ ਵਾਲੇ ਪਰਮਜੀਤ ਸਿੰਘ ਮਠਾੜੂ ਨੇ ਫੌਜ ’ਚੋਂ ਸੇਵਾਮੁਕਤੀ ਤੋਂ ਬਾਅਦ ਇਸ ਬੈਂਕ ’ਚ ਗੰਨਮੈਨ ਵਜੋਂ ਨੌਕਰੀ ਸ਼ੁਰੂ ਕੀਤੀ। ਦਿਲ ’ਚ ਅੱਗੇ ਵਧਣ ਦੀ ਇੱਛਾ ਅਤੇ ਪੜ੍ਹਨ-ਲਿਖਣ ਦਾ ਸ਼ੌਕ ਸੀ। ਇਹੋ ਦੋ ਚੀਜ਼ਾਂ ਉਸ ਨੂੰ ਅੱਜ ਇਸ ਮੁਕਾਮ ’ਤੇ ਲੈ ਆਈਆਂ। ਉਸ ਨੇ ਗਿਆਰਾਂ ਕੁ ਸਾਲਾਂ ’ਚ ਇਹ ਸਫ਼ਲਤਾ ਦਾ ਪੈਂਡਾ ਤੈਅ ਕੀਤਾ। ਗੰਨਮੈਨ ਲੱਗਣ ਤੋਂ ਬਾਅਦ ਪਰਮਜੀਤ ਸਿੰਘ ਪੜ੍ਹਾਈ ਦੇ ਨਾਲ-ਨਾਲ ਬੈਂਕ ਦੇ ਪੇਪਰ ਦੇਣ ਦੀ ਤਿਆਰੀ ਕਰਦਾ ਰਿਹਾ। ਪਹਿਲਾਂ ਉਹ ਇਸੇ ਬੈਂਕ ’ਚ ਖਜ਼ਾਨਚੀ ਬਣਿਆ ਅਤੇ ਮਗਰੋਂ ਪੜ੍ਹਦਾ ਤੇ ਤਰੱਕੀ ਕਰਦਾ ਹੋਇਆ ਡਿਪਟੀ ਮੈਨੇਜਰ ਤੋਂ ਅੱਜ ਬਰਾਂਚ ਮੈਨੇਜਰ ਦੀ ਕੁਰਸੀ ’ਤੇ ਪਹੁੰਚ ਗਿਆ ਹੈ।
ਇਸ ਮੌਕੇ ਬੈਂਕ ਦੇ ਮੌਜੂਦਾ ਬਰਾਂਚ ਮੈਨੇਜਰ ਪ੍ਰਿਆ ਬਰਾਤਾ ਰਾਏ ਅਤੇ ਸਮੁੱਚੇ ਸਟਾਫ਼ ਨੇ ਪਰਮਜੀਤ ਸਿੰਘ ਮਠਾੜੂ ਨੂੰ ਮੁਬਾਰਕ ਦਿੱਤੀ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਮਿਹਨਤੀ ਅਤੇ ਇਮਾਨਦਾਰ ਇਨਸਾਨ ਹੈ। ਇਸ ਮੌਕੇ ਸਟਾਫ਼ ਵੱਲੋਂ ਪਰਮਜੀਤ ਸਿੰਘ ਮਠਾੜੂ ਦਾ ਕੇਕ ਕੱਟ ਕੇ ਮੂੰਹ ਵੀ ਮਿੱਠਾ ਕਰਵਾਇਆ ਗਿਆ। ਪਦਉਨਤ ਹੋਏ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।