ਪੱਤਰ ਪ੍ਰੇਰਕ
ਰਾਏਕੋਟ, 1 ਅਪਰੈਲ
ਇਥੋਂ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਅੱਜ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਏ ਅਤੇ ਕਿਸਾਨ ਅੰਦੋਲਨ ਵਿੱਚ ਲਿਖਤੀ ਫੈਸਲੇ ਪ੍ਰਤੀ ਕੀਤੇ ਵਿਸ਼ਵਾਸਘਾਤ ’ਤੇ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਨੇ ਕੇਂਦਰ ਦੇ ਪੰਜਾਬ ਪ੍ਰਤੀ ਰਵੱਈਏ ਦੀ ਨਿੰਦਾ ਕਰਦੇ ਹੋਏ ਫੈਸਲਾ ਕੀਤਾ ਕਿ ਇਸ ਸਬੰਧੀ 7 ਅਪਰੈਲ ਨੂੰ ਰਾਸ਼ਟਰਪਤੀ ਦੇ ਨਾਂ ’ਤੇ ਜ਼ਿਲ੍ਹਾ ਹੈਡਕੁਆਰਟਰ ’ਤੇ ਮੰਗ ਪੱਤਰ ਦਿੱਤੇ ਜਾਣਗੇ ਤੇ ਰੋਸ ਪ੍ਰਗਟ ਕੀਤਾ ਜਾਵੇਗਾ। ਮੀਟਿੰਗ ਦੌਰਾਨ ਮਾਰਚ ਮਹੀਨੇ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਅਤੇ ਅਪਰੈਲ ਮਹੀਨੇ ’ਚ ਹੋਣ ਵਾਲੀਆਂ ਸਰਗਰਮੀਆਂ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀ ਬਾਘਾ, ਰਾਮਫਲ ਸਿੰਘ ਚੱਕ ਅਲੀਸ਼ੇਰ, ਸਵਰਨ ਸਿੰਘ, ਕਰਨੈਲ ਸਿੰਘ ਹਾਜ਼ਰ ਸਨ।