ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਗਸਤ
ਸ਼ਹਿਰ ਦੇ ਗੜ੍ਹਾ ਇਲਾਕੇ ਦੇ ਕੰਨਿਆਵਾਲੀ ਮੁਹੱਲੇ ਵਿੱਚ ਦੋ ਸਕੀਆਂ ਭੈਣਾਂ ਨੂੰ ਘਰ ਵਿੱਚ ਰੱਖੇ ਪਿਟਬੁੱਲ ਕੁੱਤੇ ਨੇ ਵੱਢ ਲਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਲੰਘੀ ਰਾਤ ਕਿਰਨ ਨਾਂ ਦੀ ਲੜਕੀ ਕੁੱਤੇ ਨੂੰ ਰੋਟੀ ਪਾਉਣ ਗਈ ਤਾਂ ਕੁੱਤੇ ਨੇ ਉਸ ਨੂੰ ਨੋਚ ਲਿਆ। ਉਸ ਦੀਆਂ ਚੀਕਾਂ ਸੁਣ ਕੇ ਜਦੋਂ ਉਸ ਦੀ ਭੈਣ ਸ਼ਬਨਮ ਉਸ ਨੂੰ ਛੁਡਵਾਉਣ ਆਈ ਤਾਂ ਪਿਟਬੁੱਲ ਨੇ ਉਸ ਨੂੰ ਵੀ ਵੱਢ ਲਿਆ। ਆਲੇ-ਦੁਆਲੇ ਗੁਆਂਢੀਆਂ ਨੇ ਕੁੱਤੇ ਨੂੰ ਸੋਟਿਆਂ ਤੇ ਰਾਡਾਂ ਨਾਲ ਕੁੱਟਿਆ ਤਦ ਵੀ ਉਸ ਨੇ ਇਨ੍ਹਾਂ ਕੁੜੀਆਂ ਨੂੰ ਨਹੀਂ ਛੱਡਿਆ। ਗੰਭੀਰ ਜ਼ਖ਼ਮੀ ਹੋਈਆਂ ਦੋਵੇਂ ਭੈਣਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਨ੍ਹਾਂ ਕੁੜੀਆਂ ਦੇ ਪਿਤਾ ਜਸਵੀਰ ਚੰਦ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਘਰ ਵਿੱਚ ਹੋਣ ਕਾਰਨ ਰਾਖੀ ਵਾਸਤੇ ਕੁੱਤੇ ਨੂੰ ਰੱਖਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਰਾਜੇਸ਼ ਸਰਮਾ ਮੌਕੇ ’ਤੇ ਪਹੁੰਚ ਗਏ। ਜਾਣਾਕਰੀ ਅਨੁਸਾਰ ਪਿਟਬੁੱਲ ਕੁੱਤੇ ਰੱਖਣ ’ਤੇ ਪਾਬੰਦੀ ਲੱਗੀ ਹੋਈ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਇਸ ਨਸਲ ਦੇ ਕੁੱਤਿਆਂ ਨੂੰ ਆਪਣੇ ਘਰਾਂ ਵਿੱਚ ਰੱਖਿਆ ਹੋਇਆ ਤੇ ਕਈ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ।