ਐੱਨ.ਪੀ. ਧਵਨ
ਪਠਾਨਕੋਟ, 22 ਨਵੰਬਰ
ਮੁੱਖ ਅੰਸ਼
- ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਸਰ ਬਾਰਡਰ ਜ਼ੋਨ ਤੇ ਜਲੰਧਰ ਜ਼ੋਨ ਦੇ ਸੀਨੀਅਰ ਅਧਿਕਾਰੀਆਂ ਦੀ ਅੱਜ ਮੀਟਿੰਗ ਸੱਦੀ
- ਪਾਕਿਸਤਾਨ ਦਾ ਬਣਿਆ ਸੀ ਗ੍ਰਨੇਡ
- ਸੁਰੱਖਿਆ ਏਜੰਸੀਆਂ ਜਾਂਚ ’ਚ ਜੁਟੀਆਂ
ਇੱਥੇ ਫੌਜੀ ਛਾਉਣੀ ਦੇ ਤ੍ਰਿਵੇਣੀ ਦੁਆਰ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ ਗ੍ਰਨੇੇਡ ਸੁੱਟਿਆ ਗਿਆ, ਜਿਸ ਮਗਰੋਂ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਧਰ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਬਾਰਡਰ ਜ਼ੋਨ ਅਤੇ ਜਲੰਧਰ ਜ਼ੋਨ ਦੇ ਸੀਨੀਅਰ ਅਧਿਕਾਰੀਆਂ ਦੀ ਮੰਗਲਵਾਰ ਨੂੰ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਸੂਬੇ ਵਿੱਚ ਅਮਨ ਕਾਨੂੰਨ ਅਤੇ ਸੁਰੱਖਿਆ ਸਥਿਤੀ ਬਾਰੇ ਸਮੀਖਿਆ ਕੀਤੀ ਜਾਵੇਗੀ।
ਇਹ ਘਟਨਾ ਬੀਤੀ ਰਾਤ ਲਗਪਗ 9.30 ਵਜੇ ਦੀ ਹੈ। ਫ਼ੌਜ ਦੇ ਇਸ ਗੇਟ ਉਪਰ ਫ਼ੌਜੀ ਜਵਾਨ ਤਾਇਨਾਤ ਹੋਣ ਕਾਰਨ ਮੋਟਰਸਾਈਕਲ ਸਵਾਰ ਬਾਹਰ ਹੀ ਗ੍ਰਨੇਡ ਸੁੱਟ ਕੇ ਫ਼ਰਾਰ ਹੋ ਗਏ। ਹਾਲਾਂਕਿ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਗ੍ਰਨੇਡ ਘੱਟ ਤੀਬਰਤਾ (ਸ਼ਕਤੀਸ਼ਾਲੀ) ਵਾਲਾ ਅਤੇ ਪਾਕਿਸਤਾਨ ਦਾ ਬਣਿਆ ਹੋਇਆ ਸੀ। ਇਸ ਖੇਤਰ ਵਿੱਚ ਫ਼ੌਜ ਦੀ ਰਿਹਾਇਸ਼ੀ ਕਾਲੋਨੀ ਹੈ। ਘਟਨਾ ਮਗਰੋਂ ਛਾਉਣੀ ਅਤੇ ਇਸ ਦੇ ਨੇੜੇ ਪੈਂਦੇ ਹਵਾਈ ਅੱਡੇ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਪੁਲੀਸ, ਫ਼ੌਜ ਦੇ ਸੀਨੀਅਰ ਅਧਿਕਾਰੀ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਜਾਂਚ ਵਿੱਚ ਜੁੱਟ ਗਏ ਹਨ। ਫੋਰੈਂਸਿਕ ਟੀਮ ਨੇ ਗ੍ਰਨੇਡ ਦੇ ਟੁਕੜੇ ਇਕੱਤਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੀਸੀਟੀਵੀ ਦੀ ਫੁਟੇਜ਼ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਮੁੱਢਲੀ ਜਾਂਚ ਪੂਰੀ ਹੋਣ ਮਗਰੋਂ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਨੂੰ ‘ਅਤਿਵਾਦੀ ਹਮਲਾ’ ਕਰਾਰ ਦਿੱਤਾ ਹੈ। ਸਮਝਿਆ ਜਾ ਰਿਹਾ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਹਿਸ਼ਤ ਪਾਉਣ ਅਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਕੋਲ ਇੱਕ ਖੇਤ ਵਿੱਚ ਬੀਤੀ ਰਾਤ ਕਿਸਾਨਾਂ ਵੱਲੋਂ ਸ਼ੱਕੀ ਵਿਅਕਤੀ ਦੇਖੇ ਜਾਣ ਮਗਰੋਂ ਅੱਜ ਸਾਰਾ ਦਿਨ ਪੁਲੀਸ ਅਤੇ ਫੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਉਧਰ, ਪੁਲੀਸ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਝਾਖੋਲਾਹੜੀ ਨੇੜੇ ਧੋਬੜਾ ਪੁਲੀ ’ਤੇ ਲਾਵਾਰਿਸ ਆਈ-20 ਕਾਰ ਬਰਾਮਦ ਕੀਤੀ ਹੈ, ਜਿਸ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਇਹ ਕਾਰ ਪਿਛਲੇ ਮਹੀਨੇ 28 ਤਰੀਕ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਹਰਚੋਵਾਲ ਪਿੰਡ ਵਿੱਚ ਛੁੱਟੀ ਆਏ ਇੱਕ ਫੌਜੀ ਕੋਲੋਂ ਖੋਹੀ ਗਈ ਸੀ। ਪੁਲੀਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਮੋਟਰਸਾਈਕਲ ਸਵਾਰ ਪਹਿਲਾਂ ਇਸ ਕਾਰ ਵਿੱਚ ਆਏ ਤੇ ਫਿਰ ਮੋਟਰਸਾਈਕਲ ਰਾਹੀਂ ਗੇਟ ਕੋਲ ਪੁੱਜੇ। ਪੁਲੀਸ ਨੇ ਇਸ ਦੌਰਾਨ ਹੋਈਆਂ ਫੋਨ ਕਾਲਾਂ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।
ਸਰਹੱਦੀ ਰੇਂਜ ਦੇ ਆਈਜੀ ਮੋਹਨੀਸ਼ ਚਾਵਲਾ ਨੇ ਕਿਹਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਏਆਈਜੀ ਗੁਲਨੀਤ ਖੁਰਾਨਾ ਨੇ ਕਿਹਾ ਕਿ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪਠਾਨਕੋਟ ਸੁਰੱਖਿਆ ਦੇ ਪੱਖ ਤੋਂ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਨਾਕੇ ਲਗਾਏ ਗਏ ਹਨ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਇਸ ਘਟਨਾ ਵਾਲੀ ਥਾਂ ਤੋਂ ਲਗਪਗ 500 ਮੀਟਰ ਦੂਰ ਹੀ ਏਅਰਫੋਰਸ ਸਟੇਸ਼ਨ ਦਾ ਖੇਤਰ ਸ਼ੁਰੂ ਹੋ ਜਾਂਦਾ ਹੈ। ਸਾਲ 2016 ਵਿੱਚ ਇਸ ਏਅਰਫੋਰਸ ਸਟੇਸ਼ਨ ਵਿੱਚ ਜੈਸ਼-ਏ-ਮੁਹੰਮਦ ਦੇ ਚਾਰ ਅਤਿਵਾਦੀ ਦਾਖ਼ਲ ਹੋ ਗਏ ਸਨ। ਛੇ ਮਹੀਨੇ ਪਹਿਲਾਂ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਕੌਮਾਂਤਰੀ ਸਰਹੱਦ ਦੇ ਨੇੜੇ ਬਮਿਆਲ ਤੋਂ ਦੀਨਾਨਗਰ ਥਾਣੇ ਵਿੱਚ ਪੈਦਲ ਆਏ ਸਨ।