ਨਿੱਜੀ ਪੱਤਰ ਪ੍ਰੇਰਕ
ਜੈਤੋ, 26 ਅਕਤੂਬਰ
ਖ਼ਰੀਦੇ ਝੋਨੇ ਦੀ ਚੁਕਾਈ ਦੀ ਰਫ਼ਤਾਰ ਧੀਮੀ ਹੋਣ ਕਾਰਨ ਇਥੋਂ ਦੀ ਦਾਣਾ ਮੰਡੀ ’ਚ ਬੋਰੀਆਂ ਦੇ ਅੰਬਾਰ ਉੱਚੇ ਹੋ ਰਹੇ ਹਨ। ਇਹ ਦੋਸ਼ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਬਰਾੜ ਰੋੜੀਕਪੂਰਾ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਆਦਿ ਕਿਸਾਨਾਂ ਨੇ ਲਾਏ। ਆਗੂਆਂ ਕਿਹਾ ਕਿ ਰੌਲਾ-ਰੱਪਾ ਪਾਉਣ ’ਤੇ ਖ਼ਰੀਦ ਏਜੰਸੀਆਂ ਨੇ ਜੇ ਹੁਣ ਚਾਲ ਫੜ੍ਹੀ ਹੈ ਤਾਂ ਲਿਫ਼ਟਿੰਗ ਕੱਛੂਕੁੰਮੇ ਦੀ ਤੋਰ ਹੋ ਗਈ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੋਂ ਸਥਿਤੀ ’ਚ ਸੁਧਾਰ ਲਈ ਦਖ਼ਲ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਮੰਡੀਆਂ ’ਚ ਰੁਲਦੇ ਕਿਸਾਨਾਂ ਦੀ ਖੱਜਲ-ਖੁਆਰੀ ਜੇਕਰ ਬੰਦ ਨਾ ਹੋਈ ਤਾਂ ਕਿਸਾਨ ਜਥੇਬੰਦੀ ਸਖ਼ਤ ਜਥੇਬੰਦਕ ਐਕਸ਼ਨ ਕਰੇਗੀ। ਉਧਰ ਠੇਕੇਦਾਰ ਬਲਦੇਵ ਰਾਜ ਨੇ ਕਿਸਾਨ ਜਥੇਬੰਦੀ ਦੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਲਿਫ਼ਟਿੰਗ ਨਿਯਮਤ ਰੂਪ ’ਚ ਨਿਰਵਿਘਨ ਹੋ ਰਹੀ ਹੈ।
ਟਰਾਂਸਪੋਰਟ ਦੀ ਕਮੀ ਬਣੀ ਅੜਿੱਕਾ: ਸਕੱਤਰ
ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਚੁਕਵਾਈ ਦੀ ਗਤੀ ਧੀਮੀ ਹੋਣ ਦੀ ਪੁਸ਼ਟੀ ਕਰਦਿਆਂ ਇਸ ਦੀ ਵਜ੍ਹਾ ਟਰਾਂਸਪੋਰਟ ਦੀ ਕਮੀ ਦੱਸੀ ਹੈ।