ਗੁਰਬਖ਼ਸ਼ਪੁਰੀ/ਨਰਿੰਦਰ ਸਿੰਘ
ਤਰਨ ਤਾਰਨ/ਭਿਖੀਵਿੰਡ, 8 ਅਗਸਤ
ਕਸਬਾ ਝਬਾਲ ਦੇ ਕੁਝ ਦੁਕਾਨਦਾਰਾਂ ਨੇ ਅੱਜ ਇਕ ਨੌਕਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ| ਇਨ੍ਹਾਂ ਦੁਕਾਨਦਾਰਾਂ ਵਿੱਚ ਬਿਕਰਮਜੀਤ ਸਿੰਘ, ਇੰਦਰਜੀਤ ਸਿੰਘ ਲਾਲੀ, ਉਸ ਦਾ ਭਰਾ ਜੱਜਬੀਰ ਸਿੰਘ, ਹਰਜੀਤ ਸਿੰਘ ਅਤੇ ਉਸ ਦਾ ਲੜਕਾ ਭੁਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਦਾ ਨਾਮ ਸ਼ਾਮਲ ਹੈ ਜਿਹੜੇ ਆਪਸ ਵਿੱਚ ਰਿਸ਼ਤੇਦਾਰ ਹਨ| ਮਿ੍ਤਕ ਦੀ ਸ਼ਨਾਖਤ ਸ਼ਰਨਜੀਤ ਸਿੰਘ (30) ਵਾਸੀ ਬਘਿਆੜੀ ਵਜੋਂ ਕੀਤੀ ਗਈ ਹੈ| ਡੀਐਸਪੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਝਬਾਲ ਦੇ ਦੁਕਾਨਦਾਰ ਦਲਜੀਤ ਸਪੇਅਰ ਪਾਰਟਸ ’ਤੇ ਕੰਮ ਕਰਦਾ ਸੀ| ਉਹ ਕੁਝ ਦੇਰ ਪਹਿਲਾਂ ਇਥੋਂ ਹਟ ਕੇ ਕਿਧਰੇ ਹੋਰ ਕੰਮ ਕਰਨ ਲੱਗ ਗਿਆ ਸੀ| ਇਸ ਗੱਲ ਤੋਂ ਗੁੱਸਾ ਰੱਖਦਿਆਂ ਬਿਕਰਮਜੀਤ ਸਿੰਘ ਨੇ ਆਸ-ਪਾਸ ਦੁਕਾਨਾਂ ਕਰਦੇ ਆਪਣੇ ਰਿਸ਼ਤੇਦਾਰਾਂ ਇੰਦਰਜੀਤ ਸਿੰਘ, ਜੱਜਬੀਰ ਸਿੰਘ, ਹਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਸ਼ਰਨਜੀਤ ਸਿੰਘ ਨੂੰ ਅੱਜ ਸਵੇਰ ਵੇਲੇ ਘੇਰ ਕੇ ਕਾਬੂ ਕਰ ਲਿਆ| ਮੁਲਜ਼ਮਾਂ ਨੇ ਉਸ ਦੀ ਇੰਨੀ ਮਾਰ ਕੁੱਟ ਕੀਤੀ ਕਿ ਉਹ ਸੱਟਾਂ ਨਾ ਸਹਾਰਦਾ ਮੌਕੇ ’ਤੇ ਹੀ ਦਮ ਤੋੜ ਗਿਆ| ਮੁਲਜ਼ਮ ਮ੍ਰਿਤਕ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਏ| ਘਟਨਾ ਦੇ ਛੇਤੀ ਬਾਅਦ ਹੀ ਇਸ ਵਾਰਦਾਤ ਬਾਰੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਮੁਲਜ਼ਮ ਸ਼ਰਨਜੀਤ ਦੀ ਬੇਰਹਿਮੀ ਨਾਲ ਮਾਰ ਕੁੱਟ ਕਰ ਰਹੇ ਹਨ ਤੇ ਸ਼ਰਨਜੀਤ ਕੁਰਲਾ ਰਿਹਾ ਹੈ| ਡੀਐਸਪੀ ਸੁੱਚਾ ਸਿੰਘ ਬਲ, ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਹੋਰਨਾਂ ਨੇ ਮੌਕੇ ’ਤੇ ਪਹੁੰਚ ਕੇ ਵਾਰਦਾਤ ਦੇ ਲੋੜੀਂਦੇ ਸਬੂਤ ਇਕੱਤਰ ਕੀਤੇ| ਮੁਲਜ਼ਮ ਸ਼ਰਨਜੀਤ ਸਿੰਘ ’ਤੇ ਸ਼ੱਕ ਕਰਦੇ ਸਨ ਕਿ ਉਹ ਉਨ੍ਹਾਂ ਦੀ ਦੁਕਾਨ ਦਾ ਸਮਾਨ ਚੋਰੀ ਕਰਦਾ ਹੈ। ਪੁਲੀਸ ਨੇ ਇਕ ਮੁਲਜ਼ਮ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਚਾਰ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ।