ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 31 ਅਗਸਤ
ਇੱਥੋਂ ਦੇ ਫੇਜ਼-9 ਦੇ ਕੁਆਰਟਰਾਂ ਵਿਚਾਲੇ ਵਿਵਾਦਿਤ ਕਬਰਿਸਤਾਨ ਵਾਲੀ ਜ਼ਮੀਨ ਦੀ ਚਾਰਦੀਵਾਰੀ ਦੀ ਉਸਾਰੀ ਸਬੰਧੀ ਸਥਿਤੀ ਤਣਾਅਪੂਰਨ ਹੋ ਗਈ। ਮੁਸਲਿਮ ਭਾਈਚਾਰੇ ਵੱਲੋਂ ਅੱਜ ਜਿਵੇਂ ਹੀ ਕੰਧ ਦੀ ਉਸਾਰੀ ਸ਼ੁਰੂ ਕੀਤੀ, ਉੱਥੇ ਸਥਾਨਕ ਵਸਨੀਕ ਪਹੁੰਚ ਗਏ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਇੱਕ ਵਾਰ ਸਥਿਤੀ ਤਣਾਅਪੂਰਨ ਹੋ ਗਈ ਪਰ ਮੁਹਾਲੀ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਨੇ ਨਿੱਜੀ ਦਖ਼ਲ ਦੇ ਕੇ ਲੋਕਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ ਅਤੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇੱਥੇ ਮੁਰਦਾ ਦਫ਼ਨਾਉਣ ਨੂੰ ਲੈ ਕੇ ਅਕਸਰ ਝਗੜੇ ਹੁੰਦੇ ਰਹੇ ਹਨ।
ਮੁਸਲਿਮ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਵਕਫ਼ ਬੋਰਡ ਦੇ ਮੈਂਬਰ ਸਿਤਾਰ ਮੁਹੰਮਦ ਲਬਿੜਾ ਨੇ ਕਿਹਾ ਕਿ ਵਕਫ਼ ਬੋਰਡ ਦੀ ਇਹ ਜ਼ਮੀਨ ਕੁੰਭੜਾ ਦੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਲਈ ਰਾਖਵੀਂ ਹੈ। ਅੱਜ ਪ੍ਰਸ਼ਾਸਨ ਦੀ ਤਰਫ਼ੋਂ ਤਹਿਸੀਲਦਾਰ ਰਵਿੰਦਰ ਬਾਂਸਲ ਅਤੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਅਤੇ ਪੁਲੀਸ ਦੀ ਹਾਜ਼ਰੀ ਵਿੱਚ ਇਹ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬਨੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਜ਼ਮੀਨ ’ਤੇ ਲਾਇਬ੍ਰੇਰੀ ਜਾਂ ਡਿਸਪੈਂਸਰੀ ਬਣਾਈ ਜਾਵੇਗੀ ਕਿਉਂਕਿ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਲਈ ਬਲੌਂਗੀ ਨੇੜੇ ਜ਼ਮੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸਾਰੀ ਤੋਂ ਬਾਅਦ ਸਫ਼ਾਈ ਕਰਵਾ ਕੇ ਇੱਥੇ 100 ਤੋਂ ਵੱਧ ਫੁੱਲ ਬੂਟੇ ਲਗਾਏ ਜਾਣਗੇ।
ਇਸ ਮੌਕੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸੰਜੂ, ਮੁਹੰਮਦ ਸਦੀਕ, ਅਮਰ ਮੁਸਤਫ਼ਾ ਪ੍ਰਧਾਨ ਮੁਸਲਿਮ ਮਹਾਂਸਭਾ ਮੁਹਾਲੀ, ਦਿਲਬਰ ਖਾਨ ਮਟੌਰ, ਆਦਿ ਲੋਕ ਮੌਜੂਦ ਸਨ।