ਕੋਲਕਾਤਾ, 7 ਅਪਰੈਲ
ਚੋਣ ਕਮਿਸ਼ਨ ਨੇ ਕੋਲਕਾਤਾ ਸ਼ਹਿਰ ਦੇ ਅੱਠ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਹਟਾ ਦਿੱਤਾ ਹੈ। ਇੱਥੇ ਚੋਣਾਂ ਆਖ਼ਰੀ ਦੋ ਗੇੜਾਂ (26 ਤੇ 29 ਅਪਰੈਲ) ਵਿਚ ਹੋਣਗੀਆਂ। ਇਨ੍ਹਾਂ ਦੀ ਥਾਂ ਨਵੇਂ ਅਧਿਕਾਰੀ ਚੌਰਿੰਘੀ, ਐਂਤੱਲੀ, ਭੋਵਾਨੀਪੁਰ, ਬੇਲੀਆਘਾਟ, ਜੋੜਾਸਾਂਕੋ, ਸ਼ਿਆਂਪੁਕੁਰ, ਕਾਸ਼ੀਪੁਰ-ਬੇਲਗਾਚੀਆ ਤੇ ਕੋਲਕਾਤਾ ਪੋਰਟ ਵਿਧਾਨ ਸਭਾ ਹਲਕਿਆਂ ਵਿਚ ਤਾਇਨਾਤ ਕਰ ਦਿੱਤੇ ਗਏ ਹਨ। ਮੁੱਖ ਚੋਣ ਅਧਿਕਾਰੀ ਆਰਿਜ਼ ਆਫ਼ਤਾਬ ਨੇ ਕਿਹਾ ਕਿ ਇਹ ਤਬਾਦਲੇ ਰੁਟੀਨ ’ਚ ਹੀ ਕੀਤੇ ਗਏ ਹਨ ਕਿਉਂਕਿ ਇਹ ਅਧਿਕਾਰੀ ਆਪਣੇ ਅਹੁਦਿਆਂ ’ਤੇ ਤਿੰਨ ਸਾਲ ਤੋਂ ਵੱਧ ਸਮੇਂ ਲਈ ਰਹਿ ਚੁੱਕੇ ਸਨ। ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਇਹ ਸੱਤਾਧਾਰੀ ਧਿਰ ਟੀਐਮਸੀ ਦੇ ਪੱਖ ਵਿਚ ਭੁਗਤ ਰਹੇ ਹਨ। ਕੋਲਕਾਤਾ ਪੋਰਟ ਹਲਕੇ ’ਚ ਵੋਟਾਂ 26 ਅਪਰੈਲ ਤੇ ਬਾਕੀ ਸੱਤ ਸੀਟਾਂ ’ਤੇ 29 ਅਪਰੈਲ ਨੂੰ ਪੈਣਗੀਆਂ। -ਪੀਟੀਆਈ