ਗੁਰਦੇਵ ਸਿੰਘ ਗਹੂੰਣ
ਬਲਾਚੌਰ, 3 ਮਈ
ਸਬ ਡਵੀਜ਼ਨ ਬਲਾਚੌਰ ਦੇ 48 ਸਰਕਲਾਂ ਦਾ ਕੰਮ ਸੰਭਾਲਣ ਵਾਲੇ 9 ਪਟਵਾਰੀਆਂ ਨੇ ਵਾਧੂ ਕੰਮ ਦੇ ਬੋਝ ਨਾਲ ਝੱਲਣੀ ਪੈ ਰਹੀ ਮਾਨਸਿਕ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਹਿੱਤ ਜਥੇਬੰਦੀ ਦੇ ਤਹਿਸੀਲ ਪ੍ਰਧਾਨ ਮਨੋਹਰ ਲਾਲ ਕਾਠਗੜ੍ਹ, ਵਿਜੈ ਕੁਮਾਰ ਚਾਂਦਪੁਰੀ ਜਨਰਲ ਸਕੱਤਰ ਅਤੇ ਸੰਦੀਪ ਕੁਮਾਰ ਖਜ਼ਾਨਚੀ ਦੀ ਅਗਵਾਈ ਵਿੱਚ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ।
ਉਕਤ ਆਗੂਆਂ ਨੇ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਖਾਲੀ ਪਈਆਂ ਆਸਾਮੀਆਂ ਤੁਰੰਤ ਭਰੀਆਂ ਜਾਣ, ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਨ ਇੱਕੋ ਸਮੇਂ ਭਰਤੀ ਹੋਏ ਪਟਵਾਰੀਆਂ ਦੀਆਂ ਤਨਖਾਹਾਂ ਵਿੱਚ ਆਈ ਅਸਮਾਨਤਾ ਨੂੰ ਦੂਰ ਕੀਤਾ ਜਾਵੇ, ਪਟਵਾਰੀਆਂ ਦੀ 18 ਮਹੀਨਿਆਂ ਦੀ ਟਰੇਨਿੰਗ ਨੂੰ ਸੇਵਾ ਕਾਲ ਵਿੱਚ ਸ਼ਾਮਲ ਕੀਤਾ ਜਾਵੇ, ਟਰੇਨਿੰਗ ਦੌਰਾਨ ਬੇਸਿਕ ਤਨਖਾਹ ਦਿੱਤੀ ਜਾਵੇ, ਡਾਟਾ ਐਂਟਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਸ ਲੈ ਕੇ ਪਟਵਾਰੀਆਂ ਹਵਾਲੇ ਕੀਤਾ ਜਾਵੇ, ਪਟਵਾਰੀਆਂ ਨੂੰ ਕੰਪਿਊਟਰ ਅਤੇ ਡਾਟਾ ਐਂਟਰੀ ਸਾਫਟਵੇਅਰ ਮੁਹੱਈਆ ਕਰਵਾਏ ਜਾਣ ਅਤੇ 7 ਪਟਵਾਰ ਸਰਕਲਾਂ ਪਿੱਛੇ ਇੱਕ ਫੀਲਡ ਕਾਨੂੰਗੋ ਦੀ ਪੋਸਟ ਦਿੱਤੀ ਜਾਵੇ। ਇਸ ਮੌਕੇ ਰਾਣਾ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਮਨੋਜ ਕੁਮਾਰ, ਸੁਰਜੀਤ ਪਾਲ, ਰਮਨ ਕੁਮਾਰ, ਦਮਨ ਲਾਲ ਵੀ ਵਫਦ ਵਿੱਚ ਸ਼ਾਮਲ ਸਨ।