ਜਗਮੋਹਨ ਸਿੰਘ
ਘਨੌਲੀ, 5 ਫਰਵਰੀ
26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਧਰਮਿੰਦਰ ਸਿੰਘ ਹਰਮਨ ਦੇ ਪਿੰਡ ਵਾਸੀ ਉਸ ਨੂੰ ਦੇਸ਼ ਧ੍ਰੋਹੀ ਮੰਨਣ ਲਈ ਤਿਆਰ ਨਹੀਂ ਹਨ। ਅੱਜ ਹਰਮਨ ਦੇ ਜੱਦੀ ਪਿੰਡ ਘਨੌਲੀ ਵਿੱਚ ਕੁਦਰਤ ਦੇ ਬੰਦੇ ਗਰੁੱਪ ਸੰਚਾਲਕ ਵਿੱਕੀ ਧੀਮਾਨ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਨੇ ਇਕੱਤਰ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਮਿੰਦਰ ਸਿੰਘ ਹਰਮਨ ਉਰਫ ਸੇਠੀ ਨੂੰ ਕ੍ਰਾਈਮ ਬਰਾਂਚ ਦਿੱਲੀ ਵੱਲੋਂ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਧਰਮਿੰਦਰ ਸਿੰਘ ਹਰਮਨ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਗਰੁੱਪ ਸੰਚਾਲਕ ਵਿੱਕੀ ਧੀਮਾਨ ਨੇ ਕਿਹਾ ਕਿ ਇਲੈਕਟ੍ਰਾਨਿਕ ਮੀਡੀਆ ’ਤੇ ਖਬਰਾਂ ਵਿੱਚ ਇੱਕ ਪਾਸੇ ਤਾਂ ਉਸ ਨੂੰ ਦੇਸ਼ ਧਰੋਹੀ ਦੱਸਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਉਸ ਦੇ ਹੱਥ ਵਿੱਚ ਤਿਰੰਗਾ ਫੜਿਆ ਹੋਇਆ ਦਿਖਾਇਆ ਜਾ ਰਿਹਾ ਹੈ। ਸ੍ਰੀ ਧੀਮਾਨ ਨੇ ਦੱਸਿਆ ਕਿ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਧਰਮਿੰਦਰ ਸਿੰਘ ਹਰਮਨ ਫੌਜ ਵਿੱਚ ਭਰਤੀ ਹੋ ਗਿਆ ਸੀ ਪਰ ਕੁੱਝ ਘਰੇਲੂ ਮਜ਼ਬੂਰੀਆਂ ਕਾਰਨ ਉਸ ਨੂੰ ਨੌਕਰੀ ਛੱਡ ਕੇ ਵਾਪਸ ਆਉਣਾ ਪਿਆ। ਉਨ੍ਹਾਂ ਕਿਹਾ ਕਿ ਹਰਮਨ ਦੇਸ਼ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲਾ ਨੌਜਵਾਨ ਹੈ ਅਤੇ ਉਸ ਨੂੰ ਦੇਸ਼-ਧਰੋਹੀ ਕਹਿਣਾ ਵਾਜਬ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਤੇ ਦਿੱਲੀ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਰਮਨ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹਰਮਨ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਉਸ ਦਾ ਪੁੱਤਰ ਹੀ ਉਸ ਨੂੰ ਹਰ ਮਹੀਨੇ ਖਰਚਾ ਭੇਜਦਾ ਸੀ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਕੁਲਦੀਪ ਸਿੰਘ ਗੋਲੀਆ ਸਣੇ ਜਸਪ੍ਰੀਤ ਕੌਰ ਪ੍ਰਤੀਨਿਧੀ ਕੌਰ ਵੈਲਫੇਅਰ ਫਾਊਂਡੇਸ਼ਨ ਰੂਪਨਗਰ ਤੇ ਹੋਰਨਾਂ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ।
ਵਿਧਾਇਕ ਸੰਦੋਆ ਵੱਲੋਂ ਕਾਨੂੰਨੀ ਸਹਾਇਤਾ ਦਾ ਭਰੋਸਾ: ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਧਰਮਿੰਦਰ ਸਿੰਘ ਹਰਮਨ ਦੀ ਮਾਤਾ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਹਰਮਨ ਨੂੰ ਰਿਹਾਅ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।