ਮੁੰਬਈ: ਫ਼ਿਲਮ ਨਿਰਮਾਤਾ ਕਰਨ ਜੌਹਰ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ-16 ਦੇ ਤਿੰਨ ਐਪੀਸੋਡਜ਼ ਦੀ ਮੇਜ਼ਬਾਨੀ ਕਰ ਰਿਹਾ ਹੈ ਕਿਉਂਕਿ ਸਲਮਾਨ ਖ਼ਾਨ ਦੀ ਸਿਹਤ ਠੀਕ ਨਹੀਂ ਹੈ। ਇਹ ਜਾਣਕਾਰੀ ਸ਼ੋਅ ਦੇ ਨਜ਼ਦੀਕੀ ਸੂਤਰਾਂ ਨੇ ਦਿੱਤੀ ਹੈ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਸਲਮਾਨ ਖ਼ਾਨ ਨੂੰ ਡੇਂਗੂ ਹੋ ਗਿਆ ਹੈ ਅਤੇ ਲੰਮੇ ਸਮੇਂ ਤੋਂ ਕਲਰਜ਼ ਟੀਵੀ ’ਤੇ ਪ੍ਰਸਾਰਿਤ ਕੀਤੇ ਜਾ ਰਹੇ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਦੀ ਆਰਜ਼ੀ ਜ਼ਿੰਮੇਵਾਰੀ ਕਰਨ ਜੌਹਰ ਨੂੰ ਸੌਂਪੀ ਗਈ ਹੈ। ਸੂਤਰਾਂ ਨੇ ਖ਼ਬਰ ਏਜੰਸੀ ‘ਪੀਟੀਆਈ’ ਨੂੰ ਦੱਸਿਆ,‘‘ਕਰਨ ਜੌਹਰ, ਸਲਮਾਨ ਖ਼ਾਨ ਦੀ ਥਾਂ ’ਤੇ ਰਿਐਲਿਟੀ ਸ਼ੋਅ ਦੇ ਤਿੰਨ ਐਪੀਸੋਡਜ਼ ਦੀ ਮੇਜ਼ਬਾਨੀ ਕਰ ਰਿਹਾ ਹੈ। ਇਨ੍ਹਾਂ ਵਿੱਚ ਦੀਵਾਲੀ ਵਿਸ਼ੇਸ਼ ਐਪੀਸੋਡ ਵੀ ਸ਼ਾਮਲ ਹੈ, ਜਿਸ ਦਾ ਪ੍ਰਸਾਰਨ ਸੋਮਵਾਰ ਨੂੰ ਹੋਵੇਗਾ। ਇਸ ਤੋਂ ਇਲਾਵਾ ਕਰਨ ਜੌਹਰ ਦਾ ਇੱਕ ਐਪੀਸੋਡ ਅੱਜ ਸ਼ਨਿਚਰਵਾਰ ਨੂੰ ਪ੍ਰਸਾਰਿਤ ਹੋ ਚੁੱਕਾ ਹੈ ਤੇ ਇੱਕ ਭਲਕੇ ਐਤਵਾਰ ਨੂੰ ਪ੍ਰਸਾਰਿਤ ਹੋਵੇਗਾ। ਜਾਣਕਾਰੀ ਅਨੁਸਾਰ ਸਲਮਾਨ ਖ਼ਾਨ ਸਾਲ 2010 ਤੋਂ ਲਗਾਤਾਰ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਕਰਦਾ ਆ ਰਿਹਾ ਹੈ। ਸਲਮਾਨ ਨੂੰ ਡੇਂਗੂ ਹੋਣ ਦੀ ਪੁਸ਼ਟੀ ਕਰਨ ਲਈ ਉੁਸ ਦੀ ਟੀਮ ਨਾਲ ਸੰਪਰਕ ਨਹੀਂ ਹੋ ਸਕਿਆ। -ਪੀਟੀਆਈ