ਨਵੀਂ ਦਿੱਲੀ: ‘ਵਿਸ਼ਵ ਸਿਹਤ ਦਿਵਸ’ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾਵਾਇਰਸ ਨਾਲ ਲੜਨ ਲਈ ਹਰ ਸਾਵਧਾਨੀ ਵਰਤਣ। ਮਾਸਕ ਪਹਿਨਣ, ਹੱਥ ਧੋਂਦੇ ਰਹਿਣ ਤੇ ਬਾਕੀ ਨੇਮਾਂ ਦੀ ਵੀ ਪਾਲਣਾ ਕਰਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ‘ਵਿਸ਼ਵ ਸਿਹਤ ਦਿਵਸ’ ਮੌਕੇ ਅਸੀਂ ਸਾਰੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਜੋ ਦਿਨ-ਰਾਤ ਸੰਸਾਰ ਨੂੰ ਤੰਦਰੁਸਤ ਰੱਖਣ ਵਿਚ ਲੱਗੇ ਰਹਿੰਦੇ ਹਨ। ਮੋਦੀ ਨੇ ਕਿਹਾ ਕਿ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਵੀ ਸਾਰੇ ਜ਼ਰੂਰੀ ਕਦਮ ਚੁੱਕਣੇ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ‘ਆਯੂਸ਼ਮਾਨ ਭਾਰਤ’ ਅਤੇ ‘ਪੀਐਮ ਜਨਔਸ਼ਧੀ ਯੋਜਨਾ’ ਰਾਹੀਂ ਨਾਗਰਿਕਾਂ ਨੂੰ ਕਿਫ਼ਾਇਤੀ ਤੇ ਉੱਚ ਗੁਣਵੱਤਾ ਵਾਲਾ ਸਿਹਤ ਸੰਭਾਲ ਢਾਂਚਾ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ। -ਪੀਟੀਆਈ