ਵਾਸ਼ਿੰਗਟਨ, 28 ਮਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਾਲ ਕਈ ਮੁੱਦਿਆਂ ਉਤੇ ਵੱਡੇ ਪੱਧਰ ’ਤੇ ਵਿਚਾਰ-ਚਰਚਾ ਕੀਤੀ। ਦੋਵਾਂ ਲੋਕਾਂ ਦਾ ਇੱਕ-ਦੂਜੇ ਨਾਲ ਸੰਪਰਕ, ਕਰੋਨਾ ਮਹਾਮਾਰੀ ਨੂੰ ਖ਼ਤਮ ਕਰਨ ਲਈ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਨੂੰ ਸਾਂਝਾ ਕਰਨ, ਆਜ਼ਾਦ ਤੇ ਮੁਕਤ ਹਿੰਦ-ਪ੍ਰਸ਼ਾਂਤ ਮਹਾਸਾਗਰ ਦਾ ਸਮਰਥਨ ਕਰਨ ਅਤੇ ਵਾਤਾਵਰਨ ਤਬਦੀਲੀ ਬਾਰੇ ਆਲਮੀ ਲੀਡਰਸ਼ਿਪ ਮੁਹੱਈਆ ਕਰਵਾਉਣ ਸਬੰਧੀ ਮੁੱਦਿਆਂ ’ਤੇ ਸਹਿਮਤੀ ਬਣੀ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਮਗਰੋਂ ਜੈਸ਼ੰਕਰ ਪਹਿਲਾ ਭਾਰਤੀ ਮੰਤਰੀ ਹੈ, ਜੋ ਅਮਰੀਕਾ ਦੌਰੇ ’ਤੇ ਗਿਆ ਹੈ। ਮੀਟਿੰਗ ਮਗਰੋਂ ਜੈਸ਼ੰਕਰ ਨੇ ਟਵੀਟ ਕੀਤਾ, ‘‘ਜੈਕ ਸੁਲੀਵਨ ਨਾਲ ਸ਼ਾਨਦਾਰ ਮੁਲਾਕਾਤ ਰਹੀ। ਹਿੰਦ-ਪ੍ਰਸ਼ਾਂਤ ਮਹਾਸਾਗਰ ਅਤੇ ਅਫ਼ਗਾਨਿਸਤਾਨ ਸਣੇ ਕਈ ਮੁੱਦਿਆਂ ਬਾਰੇ ਵੱਡੇ ਪੱਧਰ ’ਤੇ ਚਰਚਾ ਹੋਈ। ਕਰੋਨਾ ਖ਼ਿਲਾਫ਼ ਲੜਾਈ ਵਿੱਚ ਅਮਰੀਕਾ ਦਾ ਸਮਰਥਨ ਸ਼ਲਾਘਾਯੋਗ ਹੈ। ਵੈਕਸੀਨ ਸਬੰਧੀ ਭਾਰਤ-ਅਮਰੀਕਾ ਭਾਈਵਾਲੀ ਵੱਡਾ ਬਦਲਾਅ ਲਿਆ ਸਕਦੀ ਹੈ।’’ -ਪੀਟੀਆਈ