ਪੱਤਰ ਪ੍ਰੇਰਕ
ਮੁਹਾਲੀ, 21 ਦਸੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਪਾਵਰਕੌਮ ਦੇ ਜੂਨੀਅਰ ਇੰਜਨੀਅਰ (ਜੇਈ) ਅਤੇ ਉਸ ਦੇ ਦਲਾਲ ਨੂੰ 90 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖ਼ੁਲਾਸਾ ਵਿਜੀਲੈਂਸ ਬਿਊਰੋ ਦੇ ਏਆਈਜੀ ਅਸੀਸ ਕਪੂਰ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਜੇਈ ਮਲਕੀਤ ਸਿੰਘ ਅਤੇ ਦਲਾਲ ਪਰਦੀਪ ਕੁਮਾਰ ਮਿੰਟੂ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਾਰਵਾਈ ਆਟਾ ਚੱਕੀ ਦੇ ਮਾਲਕ ਕੁਸ਼ਲ ਪਾਲ ਸਿੰਘ ਵਾਸੀ ਪਿੰਡ ਖੇਲ੍ਹਣ (ਜ਼ਿਲ੍ਹਾ ਮੁਹਾਲੀ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਦੋਵੇਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।