ਮਿਹਰ ਸਿੰਘ
ਕੁਰਾਲੀ, 31 ਅਗਸਤ
ਬਲਾਕ ਮਾਜਰੀ ਦੇ ਪਿੰਡ ਚੰਦਪੁਰ ਦੀ ਜ਼ਮੀਨ ਲੀਜ਼ ’ਤੇ ਦੇਣ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿੱਚ ਧਰਨਾ ਦਿੰਦਿਆਂ ਬੋਲੀ ਕਰਨ ਆਏ ਅਧਿਕਾਰੀਆਂ ਦਾ ਘਿਰਾਓ ਕੀਤਾ। ਪਿੰਡ ਚੰਦਪੁਰ ਦੀ ਕਰੀਬ 86 ਏਕੜ ਜ਼ਮੀਨ ਨੂੰ ਲੀਜ਼ ਉੱਤੇ ਦੇਣ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਾਜਰੀ ਵਲੋਂ ਕਾਰਵਾਈ ਪਿਛਲੇ ਕੁਝ ਅਰਸੇ ਤੋਂ ਅਰੰਭੀ ਹੋਈ ਹੈ। ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਅੱਜ ਪੰਚਾਇਤ ਵਿਭਾਗ ਦੇ ਅਧਿਕਾਰੀ ਪਿੰਡ ਦੀ ਜ਼ਮੀਨ ਇੱਕ ਪ੍ਰਾਈਵੇਟ ਕੰਪਨੀ ਨੂੰ 33 ਸਾਲਾ ਲੀਜ਼ ’ਤੇ ਦੇਣ ਦੀ ਕਾਰਵਾਈ ਮੁਕੰਮਲ ਕਰਨ ਲਈ ਪਹੁੰਚੇ। ਪਿੰਡ ਵਾਸੀਆਂ ਵੱਲੋਂ ਬੀਡੀਪੀਓ ਦਫ਼ਤਰ ਵਿੱਚ ਲਗਾਏ ਧਰਨੇ ਤੋਂ ਬਾਅਦ ਵੀ ਜਦੋਂ ਅਧਿਕਾਰੀ ਬਜ਼ਿੱਦ ਰਹੇ ਤਾਂ ਮੁਜ਼ਾਹਾਰਾਕਾਰੀ ਬੀਡੀਪੀਓ ਦਫ਼ਤਰ ਦੇ ਅੰਦਰ ਦਾਖਲ ਹੋ ਗਏ ਅਤੇ ਅਧਿਕਾਰੀਆਂ ਦਾ ਘਿਰਾਓ ਕਰਦਿਆਂ ਬੋਲੀ ਨਾ ਹੋਣ ਦੇਣ ਦਾ ਐਲਾਨ ਕਰ ਦਿੱਤਾ।
ਪਿੰਡ ਵਾਸੀਆਂ ਦੇ ਧਰਨੇ ਦੀ ਅਗਵਾਈ ਕਰਦਿਆਂ ਸਤਨਾਮ ਦਾਊਂ, ਨੰਬਰਦਾਰ ਤਿਲਕ ਰਾਮ, ਕੁਲਦੀਪ ਸਿੰਘ, ਮਨਦੀਪ ਸੰਘ, ਅਵਤਾਰ ਸਿੰਘ, ਵਿਨੋਦ ਕੁਮਾਰ, ਬਿਕਰਮ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਉਤੇ ਮਾਫ਼ੀਏ ਦੀ ਕਾਫੀ ਸਮੇਂ ਤੋਂ ਨਜ਼ਰ ਹੈ। ਉਨ੍ਹਾਂ ਕਿਹਾ ਕਿ ਹੁਣ ਵੱਖ ਵੱਖ ਪ੍ਰੋਜੈਕਟ ਲਗਾਉਣ ਲਈ ਇਹ ਜ਼ਮੀਨ ਪ੍ਰਾਈਵੇਟ ਕੰਪਨੀਆਂ ਬਣਾ ਕੇ ਲੀਜ਼ ਉਤੇ ਲੈਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਸਤਨਾਮ ਦਾਊਂ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਚੰਦਪੁਰ ਦੀ ਜ਼ਮੀਨ ਦਾ ਇਹ ਮਾਮਲਾ ਪਹਿਲਾ ਹੀ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਫਿਰ ਵੀ ਜ਼ਮੀਨ ਲੀਜ਼ ’ਤੇ ਦੇਣ ਦੇ ਇਸ਼ਤਿਹਾਰ ਜਾਰੀ ਕਰ ਦਿੱਤੇ ਗਏ ਹਨ।
ਪੰਚਾਇਤ ਵਿਭਾਗ ਨੂੰ ਬੋਲੀ ਰੱਦ ਕਰਨੀ ਪਈ
ਬੋਲੀ ਬਾਰੇ ਖਬਰ ਸੁਣ ਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਹਰਦੀਪ ਸਿੰਘ ਖਿਜ਼ਰਾਬਾਦ, ‘ਆਪ’ ਆਗੂ ਪਰਮਿੰਦਰ ਸਿੰਘ ਗੋਲਡੀ, ਰਵੀ ਕੁਮਾਰ, ਗੁਰਸ਼ਰਨ ਸਿੰਘ, ਮਾਰਸ਼ਲ ਗਰੁੱਪ ਦੇ ਰਣਜੀਤ ਸਿੰਘ ਕਾਕਾ ਆਦਿ ਮੌਕੇ ’ਤੇ ਪੁੱਜ ਗਏ। ਉਨ੍ਹਾਂ ਪਿੰਡ ਵਾਸੀਆਂ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ। ਪਿੰਡ ਵਾਸੀਆਂ ਵਲੋਂ ਕੀਤੇ ਘਿਰਾਓ ਅਤੇ ਰੋਹ ਨੂੰ ਦੇਖਦਿਆਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਆਖਰ ਦੇਰ ਸ਼ਾਮ ਨੂੰ ਬੋਲੀ ਰੱਦ ਕਰਨੀ ਪਈ।