ਗੁਰਸੇਵਕ ਸਿੰਘ ਪ੍ਰੀਤ
ਕਰੀਬ ਦੋ ਦਹਾਕੇ ਪਹਿਲਾਂ ਪ੍ਰੋ. ਲੋਕ ਨਾਥ ਦੇ ਘਰ ਬੜੀ ਮੋਟੀ ਕਿਤਾਬ ਦੇਖੀ- ‘ਭਾਰਤੀ ਲੋਕ ਨੀਚ ਕਿਵੇਂ ਬਣੇ।’ ਉਡਦੀ ਜਿਹੀ ਨਿਗ੍ਹਾ ਮਾਰ, ਪੜ੍ਹਨ ਵਾਸਤੇ ਲੈ ਆਇਆ। ਇਸ ਦੇ ਲੇਖਕ ਸਨ ਪ੍ਰੋ. ਗੁਰਨਾਮ ਸਿੰਘ। ਜਦੋਂ ਕਈ ਦਿਨਾਂ ਬਾਅਦ ਕਿਤਾਬ ਮੋੜਨ ਗਿਆ ਤਾਂ ਪ੍ਰੋ. ਲੋਕ ਨਾਥ ਕੋਲ ਕਿਤਾਬ ਬਾਰੇ ਚਰਚਾ ਕੀਤੀ। ਪਤਾ ਲੱਗਿਆ ਕਿ ਗੁਰਨਾਮ ਸਿੰਘ ਤਾਂ ਮੁਕਤਸਰ ਦਾ ਹੀ ਰਹਿਣ ਵਾਲਾ ਹੈ ਤੇ ਜਿਸ ਘਰ ਵਿਚ ਪ੍ਰੋ. ਲੋਕ ਨਾਥ ਰਹਿ ਰਹੇ ਸਨ, ਉਹ ਵੀ ਪ੍ਰੋ. ਗੁਰਨਾਮ ਸਿੰਘ ਤੋਂ ਖਰੀਦਿਆ ਸੀ। ਉਸ ਵਕਤ ਜਿਸ ਕਮਰੇ ਵਿਚ ਬੈਠੇ ਅਸੀਂ ਚਰਚਾ ਕਰ ਰਹੇ ਸੀ, ਉਸੇ ਜਗ੍ਹਾ ਪੁਰਾਣੇ ਕਮਰੇ ਵਿਚ ਬਾਬੂ ਕਾਂਸ਼ੀ ਰਾਮ ਅਤੇ ਮਾਇਆਵਤੀ ਵਰਗੇ ਲੀਡਰ ਚਰਚਾ ਕਰਦੇ ਰਹੇ ਸਨ। ਇਸ ਤਰ੍ਹਾਂ ਪ੍ਰੋ. ਗੁਰਨਾਮ ਸਿੰਘ ਮੁਕਤਸਰ ਨਾਲ ਮੇਰੀ ਖਿਆਲੀ ਸਾਂਝ ਬਣ ਗਈ।
ਇਕ ਵਾਰ ਉਹ ਮੇਰੇ ਕੋਲ ਕਚਿਹਰੀ ਕੋਈ ਕੰਮ ਕਰਾਉਣ ਆਏ ਤਾਂ ਮੈਂ ਆਪਣੀ ਸਾਹਿਤਕ ਸਾਂਝ ਸਾਂਝੀ ਕੀਤੀ। ਉਹ ਖੁਸ਼ ਹੋਏ। ਫਿਰ ਕਈ ਸਾਹਿਤਕ ਮਿੱਤਰਾਂ ਲਈ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਖਰੀਦਣ ਦਾ ਪ੍ਰਬੰਧ ਵੀ ਕੀਤਾ। ਅਸਲ ਵਿਚ ਇਹ ਕਿਤਾਬ ਬਾਜ਼ਾਰੋਂ ਨਹੀਂ ਸੀ ਮਿਲਦੀ। ਪ੍ਰੋਫੈਸਰ ਗੁਰਨਾਮ ਸਿੰਘ ਇਹ ਪੁਸਤਕ ਖ਼ੁਦ ਵੇਚਦੇ ਸਨ ਪਰ ਸਿਰਫ ਲਾਗਤ ਮੁੱਲ ਤੇ। ਮੈਨੂੰ ਡਾਕਟਰ ਪਰਮਜੀਤ ਸਿੰਘ ਢੀਂਗਰਾ ਨੇ ਦੱਸਿਆ ਕਿ ਇਕ ਵਾਰ ਅੰਮ੍ਰਿਤਸਰ ਦੇ ਇਕ ਪ੍ਰਕਾਸ਼ਕ ਵਾਸਤੇ ਉਨ੍ਹਾਂ 50 ਕਿਤਾਬਾਂ ਪ੍ਰੋਫੈਸਰ ਗੁਰਨਾਮ ਸਿੰਘ ਤੋਂ ਖਰੀਦ ਕੇ ਭੇਜੀਆਂ ਸਨ।
ਪ੍ਰੋਫੈਸਰ ਗੁਰਨਾਮ ਸਿੰਘ ਦੇ ਇਨ੍ਹਾਂ ਗੁਣਾਂ ਕਰਕੇ ਉਨ੍ਹਾਂ ਬਾਰੇ ਜਾਣਨ ਦੀ ਖਿੱਚ ਬਣੀ ਤਾਂ ਪਤਾ ਲੱਗਿਆ ਕਿ ਉਹ 1965-66 ਵਿਚ ਗੁਰੂ ਨਾਨਕ ਕਾਲਜ ਰੋਡੇ ਬਾਰਵੀਂ ਵਿਚ ਪੜ੍ਹਦਿਆਂ ਹੀ ਪਹਿਲਾਂ ਕਮਿਊਨਿਸਟ ਲਹਿਰ ਅਤੇ ਫਿਰ ਨਕਸਲੀ ਲਹਿਰ ਨਾਲ ਜੁੜ ਗਏ। ਪ੍ਰੋ. ਸਾਹਿਬ ਸਿੰਘ, ਸਾਧੂ ਸਿੰਘ ਹੋਰਾਂ ਨਾਲ ਵਿਚਰਦੇ ਰਹੇ। ਫਿਰ 1980 ਦੇ ਗੇੜ ਵਿਚ ਬਾਬੂ ਕਾਂਸ਼ੀ ਰਾਮ ਦੇ ਸੰਪਰਕ ਵਿਚ ਆਏ। ਬਾਬੂ ਕਾਂਸ਼ੀ ਰਾਮ ਨੇ ਮੁਲਾਜ਼ਮ ਇਕੱਠੇ ਕਰਕੇ ‘ਬਾਮਸੇਫ’ ਬਣਾਈ ਜਿਸ ਦਾ ਮਕਸਦ ਸੀ ਮੁਲਾਜ਼ਮਾਂ ਪਾਸੋਂ ਚੰਦਾ ਲੈਣਾ ਅਤੇ ਬੈਂਕ ਬਣਾ ਕੇ ਉਸ ਚੰਦੇ ਦਾ ਦਲਿਤ ਸਮਾਜ ਦੇ ਉਭਾਰ ਵਾਸਤੇ ਵਰਤੋਂ ਵਿਚ ਲਿਆਉਣਾ। ਪ੍ਰੋਫੈਸਰ ਗੁਰਨਾਮ ਸਿੰਘ ‘ਬਾਮਸੇਫ’ ਦੇ ਉਤਰੀ ਭਾਰਤ ਦੇ ਕਰਤਾ ਧਰਤਾ ਰਹੇ। ਡੀਐੱਸ ਫੋਰ (ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ) 1980 ਵਿਚ ਬਣਾਈ ਜੋ ਸਮਾਜਿਕ ਸੰਸਥਾ ਸੀ। 14 ਅਪਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਬਣੀ ਤਾਂ ਪ੍ਰੋਫੈਸਰ ਗੁਰਨਾਮ ਸਿੰਘ ਨੇ ਉਸ ਵਿਚ ਕੰਮ ਸ਼ੁਰੂ ਕੀਤਾ। ਜੁਗਿੰਦਰ ਸਿੰਘ ਪ੍ਰਿੰਸੀਪਲ, ਸੁਖਦਰਸ਼ਨ ਸਿੰਘ ਬੰਬੀਹਾ ਭਾਈ ਅਤੇ ਪੂਰਾ ਬੁੱਧੀਜੀਵੀ ਗਰੁੱਪ ਉਨ੍ਹਾਂ ਦੇ ਨਾਲ ਸਨ। ਪ੍ਰੋ. ਗੁਰਨਾਮ ਸਿੰਘ ਨੇ ਕਰੀਬ 25 ਮੁਲਕਾਂ ਵਿਚ ਅੰਬੇਡਕਰੀ ਸੰਸਥਾਵਾਂ ਦੇ ਸੱਦੇ ’ਤੇ ਲੈਕਚਰ ਕੀਤੇ।
‘ਭਾਰਤੀ ਲੋਕ ਨੀਚ ਕਿਵੇਂ ਬਣੇ’ ਕਿਤਾਬ ਨੇ ਤਾਂ ਪ੍ਰੋ. ਗੁਰਨਾਮ ਸਿੰਘ ਨੂੰ ਜਿਵੇਂ ਅਮਰ ਹੀ ਕਰ ਦਿੱਤਾ। 600 ਪੰਨਿਆਂ ਤੋਂ ਸ਼ੁਰੂ ਹੋਈ ਇਹ ਕਿਤਾਬ 1200 ਪੰਨੇ ਦੀ ਬਣ ਗਈ ਸੀ 1200 ਰੁਪਏ ਦੀ ਲਾਗਤ ਵਾਲੀ ਇਹ ਪੁਸਤਕ 1200 ਰੁਪਏ ਵਿਚ ਹੀ ਵੇਚੀ ਜਾਂਦੀ। ਉਹ ਕਿਤਾਬ ਉਪਰ ਕੀਮਤ ਦੀਆਂ ਮੋਹਰਾਂ ਲਾਉਂਦੇ ਤਾਂ ਕਿ ਕੋਈ ਵਿਕਰੇਤਾ ਵੱਧ ਪੈਸੇ ਨਾ ਲਵੇ। ਉਨ੍ਹਾਂ ਕਹਾਣੀਆਂ ਦੀ ਕਿਤਾਬ ‘ਧਰਮਯੁੱਧ’ ਅਤੇ ਵਾਰਤਕ ਪੁਸਤਕ ‘ਖੌਲਦਾ ਮਹਾਂਸਾਗਰ’ ਵੀ ਲਿਖੀ। ਕਾਵਿ-ਸੰਗ੍ਰਿਹ ‘ਵਿਹੜਿਆਂ ਦੀ ਦਾਸਤਾਂ’ ਲਿਖਿਆ। ਉਨ੍ਹਾਂ ਦੀਆਂ ਕੁੱਲ 30 ਕਿਤਾਬਾਂ ਹਨ। ਸੰਤ ਰਾਮ ਉਦਾਸੀ ਨਾਲ ਉਨ੍ਹਾਂ ਦੀ ਦਿਲੀ ਸਾਂਝ ਸੀ। ਉਦਾਸੀ ਦੀ ਨਕਸਲੀ ਲਹਿਰ ਤੋਂ ਉਹ ਬਹੁਤ ਪ੍ਰਭਾਵਿਤ ਸਨ। ਉਹ 18-18 ਘੰਟੇ ਲਿਖਦੇ ਸਨ। ਕਾਲਜ ਸਮੇਂ ਤੋਂ ਲੈ ਕੇ ਅੰਤਲੇ ਸਮੇਂ ਤੱਕ ਲਿਖਣ ਵਿਚ ਜੁਟੇ ਰਹੇ ਪਰ 5 ਦਸੰਬਰ ਨੂੰ ਸ਼ਬਦਾਂ ਦਾ ਕਦਰਦਾਨ ਤੇ ਜੌਹਰੀ ਇਸ ਜਹਾਨ ਨੂੰ ਛੱਡ ਕੇ ਤੁਰ ਗਿਆ।
ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਅਤੇ ਦੋ ਧੀਆਂ ਜਗਦੀਪ ਕੌਰ ਤੇ ਕਿਰਨਦੀਪ ਕੌਰ ਹਨ। ਉਨ੍ਹਾਂ ਦੀਆਂ ਲਿਖਤਾਂ ਤੇ ਕਿਤਾਬਾਂ ਦੀ ਸਾਂਭ ਸੰਭਾਲ ਲਈ ਟਰੱਸਟ ਬਣਾਇਆ ਜਾ ਰਿਹਾ ਹੈ।
ਸੰਪਰਕ: 94173-58073