ਜੋਗਿੰਦਰ ਸਿੰਘ ਮਾਨ
ਮਾਨਸਾ, 2 ਅਗਸਤ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਪੁਲੀਸ ਨੇ ਰਾਜਸਥਾਨ ਦੇ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ’ਚ ਮੁਆਇਨਾ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰ ਕੇ ਸੱਤ ਅਗਸਤ ਤੱਕ ਦਾ ਪੁਲੀਸ ਰਿਮਾਂਡ ਲਿਆ ਹੈ। ਪੁਲੀਸ ਨੇ ਉਸ ਨੂੰ ਅੱਜ ਚੁਰੂ ਦੀ ਜ਼ਿਲ੍ਹਾ ਜੇਲ੍ਹ ਤੋਂ ਲਿਆਂਦਾ ਹੈ। ਪੁਲੀਸ ਅਨੁਸਾਰ ਅਰਸ਼ਦ ਖਾਨ ਨੇ ਸ਼ੂਟਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਵਰਤੀ ਬੋਲੈਰੋ ਗੱਡੀ ਦਿੱਤੀ ਸੀ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਅਰਸ਼ਦ ਖਾਨ ਵੱਲੋਂ ਬੋਲੇਰੋ ਗੱਡੀ ਕਾਤਲਾਂ ਤੱਕ ਭੇਜਣ ਦੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਪੁਲੀਸ ਅਨੁਸਾਰ ਇਹ ਗੱਡੀ ਫਰਵਰੀ ਮਹੀਨੇ ’ਚ ਹੀ ਹਰਿਆਣਾ ਦੇ ਫਤਿਹਾਬਾਦ ਸ਼ਹਿਰ ਵਿੱਚ ਆਈ ਸੀ। ਇਸ ਨੂੰ ਸਰਦਾਰ ਸ਼ਹਿਰ ਤੋਂ ਅਰਸ਼ਦ ਖਾਨ ਨੇ ਹੀ ਭੇਜਿਆ ਸੀ। ਇਸ ਬੋਲੈਰੋ ’ਚ ਹਰਿਆਣਾ ਦੇ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਸਵਾਰ ਸਨ। ਹਰਿਆਣਾ ਮੌਡਿਊਲ ਦੇ ਸ਼ੂਟਰ ਫੌਜੀ, ਕਸ਼ਿਸ਼ ਅਤੇ ਦੀਪਕ ਇਸ ਵੇਲੇ ਮਾਨਸਾ ਪੁਲੀਸ ਕੋਲ ਰਿਮਾਂਡ ’ਤੇ ਚੱਲ ਰਹੇ ਹਨ।
ਇੱਕ ਪੁਲੀਸ ਅਧਿਕਾਰੀ ਤੋਂ ਪਤਾ ਲੱਗਿਆ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਬੋਲੇਰੋ ਦਾ ਸਬੰਧ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨਾਲ ਹੈ। ਇਸ ਵਿੱਚ ਗੋਦਾਰਾ ਗੈਂਗ ਦੇ ਗੈਂਗਸਟਰ ਦਾਨਾ ਰਾਮ ਦੀ ਭੂਮਿਕਾ ਵੀ ਪੁਲੀਸ ਨੂੰ ਸ਼ੱਕੀ ਰੂਪ ਵਿੱਚ ਜਾਪਦੀ ਹੈ।
ਨਵੇਂ ਕੇਸ ਵਿੱਚ ਫਸੇ ਫੌਜੀ, ਕਸ਼ਿਸ਼ ਅਤੇ ਦੀਪਕ
ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਫਸੇ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਦੀਪਕ ਨੂੰ ਮਾਨਸਾ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰ ਕੇ ਇੱਕ ਨਵੇਂ ਕੇਸ ਵਿੱਚ ਪੰਜ ਅਗਸਤ ਤੱਕ ਦਾ ਪੁਲੀਸ ਰਿਮਾਂਡ ਲਿਆ ਹੈ। ਜਾਣਕਾਰੀ ਮੁਤਾਬਕ ਇਹ ਕੇਸ ਮਾਨਸਾ ਦੇ ਥਾਣਾ ਭੀਖੀ ਵਿੱਚ 17 ਦਸੰਬਰ 2020 ਨੂੰ ਐਫਆਈਆਰ ਨੰਬਰ 307 ਦਾ ਹੈ। ਇਸ ਅਨੁਸਾਰ ਪਿੰਡ ਬੋੜਾਵਾਲ ਦੇ ਹਰਪਾਲ ਸਿੰਘ ’ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਕੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਹੁਣ ਪੁਲੀਸ ਨੂੰ ਸ਼ੱਕ ਹੈ ਕਿ ਉਹ ਤਿੰਨੇ ਹਮਲਾਵਰ ਇਹੋ ਮੁਲਜ਼ਮ ਹੀ ਹੋ ਸਕਦੇ ਹਨ।