ਨਵੀਂ ਦਿੱਲੀ, 22 ਨਵੰਬਰ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ ਕੁਝ ਵਿਦਿਆਰਥੀਆਂ, ਜਿਨ੍ਹਾਂ ਨੇ ਆਪਣੇ ਅੰਕ ਵਧਾਉਣ ਲਈ ਇਸ ਸਾਲ ਸੀਬੀਐੱਸਈ ਦੀ 12ਵੀਂ ਇੰਪਰੂਵਮੈਂਟ ਦੀ ਪ੍ਰੀਖਿਆ ਦਿੱਤੀ ਸੀ, ਵੱਲੋਂ ਬੋਰਡ ਨੂੰ ਉਨ੍ਹਾਂ ਦਾ ਅਸਲੀ ਨਤੀਜਾ ਬਹਾਲ ਰੱਖਣ ਲਈ ਬੋਰਡ ਨੂੰ ਨਿਰਦੇਸ਼ ਦੇਣ ਦੀ ਮੰਗ ਕਰਦੀ ਪਟੀਸ਼ਨ ’ਤੇ 6 ਦਸੰੰਬਰ ਨੂੰ ਸੁਣਵਾਈ ਕਰੇਗੀ। ਇਹ ਪਟੀਸ਼ਨ 11 ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਹੈ, ਜਿਨ੍ਹਾਂ ਨੂੰ ਅਸਲੀ ਨਤੀਜੇ ਵਿੱਚ ਸੀਬੀਐੱਸਈ ਵੱਲੋਂ ਮੁਲਾਂਕਣ ਨੀਤੀ 30:30:40 ਦੇ ਆਧਾਰ ’ਤੇ ਪਾਸੇ ਐਲਾਨਿਆ ਗਿਆ ਸੀ ਅਤੇ ਉਨ੍ਹਾਂ ਨੂੰ ਇਸ ਸਾਲ ਅਗਸਤ-ਸਤੰਬਰ ਮਹੀਨੇ ਹੋਈਆਂ ਇੰਪਰੂਵਮੈਂਟ ਪ੍ਰੀਖਿਆਵਾਂ ਵਿੱਚ ਬੈਠਣ ਦੀ ਆਗਿਆ ਦਿੱਤੀ ਗਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਇੰਪਰੂਵਮੈਂਟ ਪ੍ਰੀਖਿਆਵਾਂ ਵਿੱਚ ਉਨ੍ਹਾਂ (ਪਟੀਸ਼ਨਰਾਂ) ਨੂੰ ਫ਼ੇਲ੍ਹ ਐਲਾਨਿਆ ਗਿਆ ਹੈ ਜਾਂ ਉਨ੍ਹਾਂ ਦੇ ਨੰਬਰ ਬਹੁਤ ਘੱਟ ਆਏ ਹਨ। ਇਸ ਲਈ ਉਨ੍ਹਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦਾ ਅਸਲੀ ਨਤੀਜਾ, ਜਿਸ ਵਿੱਚ ਉਹ ਪਾਸ ਐਲਾਨੇ ਗਏ ਸਨ, ਰੱਦ ਕਰ ਦਿੱਤਾ ਜਾਵੇਗਾ। -ਪੀਟੀਆਈ