ਖੇਤਰੀ ਪ੍ਰਤੀਨਿਧ
ਪਟਿਆਲਾ, 2 ਅਗਸਤ
ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਕਿੱਲੋਮੀਟਰ ਸਕੀਮ ਦੀ ਪ੍ਰਥਾ ਖਤਮ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਚਿਰਾਂ ਤੋਂ ਸੰਘਰਸ਼ ਕਰਦੀ ਆ ਰਹੀ ‘ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ’ ਨੇ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਨੇ ਅੱਜ ਇਥੇ ਸਥਿਤ ਪੀਆਰਟੀਸੀ ਦੇ ਮੁੱਖ ਦਫਤਰ ਵਿੱਚ ਪੱਕਾ ਮੋਰਚਾ ਲਾਉਂਦਿਆਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੰਗਾਂ ਨਾ ਮੰਨੇ ਜਾਣ ’ਤੇ ਉਨ੍ਹਾਂ ਇਸ ਸੰਘਰਸ਼ ਨੂੰ ਪੰਜਾਬ ਪੱਧਰ ਤੱਕ ਲਿਜਾਣ ਅਤੇ ਅਣਮਿਥੇ ਸਮੇਂ ਦੀ ਹੜਤਾਲ਼ ਕਰਨ ਦੀ ਚੇਤਾਵਨੀ ਵੀ ਦਿੱਤੀ। ਸੰਘਰਸ਼ ਦੇ ਆਗਾਜ਼ ਮੌਕੇ ਅੱਜ ਇੱਥੇ ਰੋਸ ਰੈਲੀ ਕੀਤੀ ਗਈ। ਇਸ ਦੀ ਅਗਵਾਈ ਕਰਦਿਆਂ, ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਅਤੇ ਸੂਬਾ ਆਗੂ ਜਗਤਾਰ ਸਿੰਘ ਨੇ ‘ਆਪ’ ਸਰਕਾਰ ਨੂੰ ਵੀ ਪਿਛਲੀਆਂ ਸਰਕਾਰਾਂ ਦੇ ਹੀ ਨਕਸ਼ੇ ਕਦਮਾਂ ’ਤੇ ਚੱਲਣ ਵਾਲ਼ੀ ਦੱਸਿਆ। ਸਮੂਹ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰ ਪੱਕੀ ਭਰਤੀ ਕਰਨ ’ਤੇ ਜ਼ੋਰ ਦਿੰਦਿਆਂ, ਯੂਨੀਅਨ ਆਗੂਆਂ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਪੰਨੂ ਤੇ ਸੂਬਾ ਜੁਆਇੰਟ ਖਜ਼ਾਨਚੀ ਰਮਨਦੀਪ ਸਿੰਘ ਨੇ ਕਿੱਲੋਮੀਟਰ ਸਕੀਮ ਦੀਆਂ 219 ਬੱਸਾਂ ਪਾਉਣ ਦੀ ਕਾਰਵਾਈ ਨੂੰ ਨਿੱਜੀਕਰਨ ਵੱਲ ਨੂੰ ਕਦਮ ਵਧਾਉਣ ਦੇ ਤੁਲ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਤੀ ਬੱਸ ਸਾਲ ’ਚ 12 ਤੋਂ 13 ਲੱਖ ਤੇ 6 ਸਾਲ ਦੇ ਐਗਰੀਮੈਂਟ ਮੁਤਾਬਿਕ 72 ਤੋ 78 ਲੱਖ ਵਿੱਚ ਪਵੇਗੀ। ਬੱਸ ਫਿਰ ਮਾਲਕਾਂ ਦੀ ਹੀ ਰਹੇਗੀ। ਜਦੋਂਕਿ ਪੀਆਰਟੀਸੀ ਨੂੰ ਆਪਣੀ ਬੱਸ 25 ਤੋ 30 ਲੱਖ ਸਾਲਾਨਾ ’ਚ ਪਵੇਗੀ।