ਹਥਿਆਰਾਂ ਦੀ ਕੀ ਲੋੜ ?
7 ਅਗਸਤ ਦਾ ਸੰਪਾਦਕੀ ‘ਹੀਰੋਸ਼ੀਮਾ ਦੇ ਸਬਕ’ ਮਹੱਤਵਪੂਰਨ ਸੀ। ਅੱਜ ਜਦ ਸਮੁੱਚੀ ਦੁਨੀਆ ਕੋਵਿਡ-19 ਮਹਾਮਾਰੀ ਦੀ ਮਾਰ ਝੱਲ ਰਹੀ ਹੈ ਤਾਂ ਪਰਮਾਣੂ ਹਥਿਆਰਾਂ ਵੱਲ ਵਧਦੇ ਕਦਮ ਮੰਦਭਾਗੇ ਹਨ। ਇਸ ਵਿਚ ਦੋ ਰਾਵਾਂ ਨਹੀਂ ਕਿ ਰੂਸ, ਅਮਰੀਕਾ, ਚੀਨ, ਫ਼ਰਾਂਸ ਆਦਿ ਤਾਕਤਾਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਖਾਤਰ ਅਜਿਹੇ ਹਥਿਆਰਾਂ ਦੀ ਦੌੜ ਵਿਚ ਹਨ। ਅੱਜ ਦੁਨੀਆ ਨੂੰ ਹਥਿਆਰਾਂ ਦੀ ਨਹੀਂ ਸਗੋਂ ਸਿਹਤ, ਸਿੱਖਿਆ, ਰੋਟੀ ਅਤੇ ਰੁਜ਼ਗਾਰ ਦੀ ਲੋੜ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਸਿੱਖਿਆ ਅਤੇ ਸਰਕਾਰ
ਸੁਧੀਂਦਰ ਕੁਲਕਰਨੀ ਦਾ ਲੇਖ ‘ਹਾਸ਼ੀਆਗਤ ਲੋਕਾਂ ਦੀ ਪਹੁੰਚ ਤੋਂ ਬਾਹਰ ਆਨਲਾਈਨ ਸਿੱਖਿਆ’ (3 ਅਗਸਤ) ਪੜ੍ਹਿਆ। ਜ਼ਿਕਰ ਹੈ ਕਿ ਚੀਨ ਨੇ ਹੱਲ ਲੱਭਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਦੇਸ਼ ਦੀ ਰਹਿਨੁਮਾਈ ਕਰਨ ਵਾਲੇ, ਲੋਕਾਂ ਨੂੰ ਸਿੱਖਿਆ ਦੇਣੀ ਹੀ ਠੀਕ ਨਹੀਂ ਸਮਝਦੇ।
ਜਗਰੂਪ ਸਿੰਘ, ਲੁਧਿਆਣਾ
ਜਜ਼ਬਾਤ ਝੰਜੋੜੇ
2 ਅਗਸਤ ਨੂੰ ਕੰਵਲਜੀਤ ਖੰਨਾ ਨੇ ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੇ ਦੁਖੜਿਆਂ ਪ੍ਰਤੀ ਹਮਦਰਦੀ ਦਿਖਾਉਂਦਿਆਂ ਇਨ੍ਹਾਂ ਨੂੰ ਧੀਆਂ, ਭੈਣਾਂ, ਗ਼ਰੀਬੜੀਆਂ, ਥੁੜ੍ਹੀਆਂ (ਭਾਵ ਥੁੜ੍ਹ ਮਾਰੀਆਂ), ਮਾਲਕਾਂ ਦੇ ਹੱਥੀਂ ਕਠਪੁਤਲੀਆਂ ਆਖ ਕੇ ਇਨ੍ਹਾਂ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਜਜ਼ਬਾਤ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
ਕੰਵਲਜੀਤ ਖੰਨਾ ਦਾ ਲੇਖ ‘ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੇ ਦੁਖੜੇ’ ਅਹਿਮ ਵਿਸ਼ੇ ਬਾਰੇ ਨਵੀਂ ਰਚਨਾ ਸੀ। ਸਾਨੂੰ ਕੰਮ ਕਰਨ ਵਾਲੀਆਂ ਔਰਤਾਂ ਨੂੰ ਹਫ਼ਤੇ ’ਚ ਇਕ ਛੁੱਟੀ ਜ਼ਰੂਰ ਦੇਣੀ ਚਾਹੀਦੀ ਹੈ। ਇਸ ਨਾਲ ਪਰਿਵਾਰ ਦੇ ਜੀਆਂ ਦੀ ਹੱਥੀਂ ਕੰਮ ਕਰਨ ਦੀ ਆਦਤ ਬਣੀ ਰਹਿੰਦੀ ਹੈ। ਸਾਨੂੰ ਇਨ੍ਹਾਂ ਔਰਤਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਵਿਚ ਵੀ ਮਦਦ ਕਰਨੀ ਚਾਹੀਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
(3)
ਕੰਵਲਜੀਤ ਖੰਨਾ ਦਾ ਲੇਖ ਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀ ਹਾਲਤ ਬਿਆਨ ਕਰਦਾ ਹੈ। ਭਾਰਤ ਸਰਕਾਰ ਨੇ ਭਾਵੇਂ ਇਨ੍ਹਾਂ ਦੀ ਹਿਫ਼ਾਜ਼ਤ ਲਈ ਕਾਨੂੰਨ ਬਣਾਇਆ ਹੈ ਪਰ ਇਸ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਸਬੰਧਿਤ ਮਜ਼ਦੂਰਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਵਧੇਰੇ ਜ਼ਰੂਰਤ ਹੈ।
ਪੁਸ਼ਪਿੰਦਰ, ਮੋਰਿੰਡਾ
ਜਮਹੂਰੀ ਹੱਕ
30 ਜੁਲਾਈ ਦੇ ਸੰਪਾਦਕੀ ‘ਜਮਹੂਰੀਅਤ ਦੀ ਰੱਖਿਆ’ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਲੀ ਬਲਿੰਕਨ
ਦੇ ਬਿਆਨ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਸੇਧ ਦੇਣ ਵਾਲੀਆਂ ਹਨ। ਅੱਜ ਜਦੋਂ ਅੰਧਰਾਸ਼ਟਰਵਾਦ ਅਤੇ ਕਾਲੇ ਕਾਨੂੰਨਾਂ ਨੇ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ ਹੋਇਆ ਹੈ ਤਾਂ ਵਿਦੇਸ਼ ਮੰਤਰੀ ਐਂਟਲੀ ਬਲਿੰਕਨ ਦਾ ਇਹ ਬਿਆਨ ਜਮਹੂਰੀ ਹੱਕਾਂ ਦਾ ਘਾਣ ਕਰ ਰਹੇ ਲੋਕਾਂ ਦੇ ਮੂੰਹ ’ਤੇ ਚਪੇੜ ਹੈ।
ਸਹਿਦੇਵ ਕਲੇਰ, ਗੁਰਦਾਸਪੁਰ
ਸ਼ਹੀਦ ਸਰਾਭੇ ਦਾ ਜੱਦੀ ਘਰ
18 ਜੁਲਾਈ ਦੇ ਅੰਕ ਵਿਚ ਪੰਨਾ 2 ਉੱਤੇ ਸੰਤੋਖ ਗਿੱਲ ਦੀ ਰਿਪੋਰਟ ‘ਸਰਕਾਰੀ ਬੇਰੁਖ਼ੀ ਕਾਰਨ ਖੰਡਰ ਬਣ ਰਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਘਰ’ ਪੜ੍ਹ ਕੇ ਮਨ ਦੁਖੀ ਹੋਇਆ। ਸ਼ਹੀਦ ਸਰਾਭੇ ਨੇ ਛੋਟੀ ਉਮਰ ਵਿਚ ਮੁਲਕ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਅਤੇ ਉਹ ਦੇਸ਼ ਵਾਸੀਆਂ ਨੂੰ ਦੇਸ਼ ਭਗਤੀ ਦਾ ਸੰਦੇਸ਼ ਦਿੰਦੇ ਰਹਿਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ ਸਰਾਭਾ ਦੀ ਯਾਦਗਾਰ ਢੁਕਵੀਂ ਜਗ੍ਹਾ ’ਤੇ ਉਸਾਰੀ ਜਾਵੇ ਅਤੇ ਇਨ੍ਹਾਂ ਦੇ ਜੱਦੀ ਘਰ ਨੂੰ ਕੌਮੀ ਯਾਦਗਾਰ ਵਜੋਂ ਸੰਭਾਲਿਆ ਜਾਵੇ।
ਅਮਰਜੀਤ ਸਿੰਘ, ਪੰਡੋਰੀ ਗੰਗਾ ਸਿੰਘ (ਹੁਸ਼ਿਆਰਪੁਰ)
‘ਖੇਡ’ ਸਿਆਸਤ
ਪ੍ਰਧਾਨ ਮੰਤਰੀ ਨੇ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ‘ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ’ ਦਾ ਨਾਂ ਬਦਲ ਕੇ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਰੱਖਣ ਦੇ ਫ਼ੈਸਲੇ ਨਾਲ ਇਕ ਤੀਰ ਨਾਲ ਦੋ ਸ਼ਿਕਾਰ ਖੇਡਣ ਦੀ ਸਿਆਸਤ ਕੀਤੀ ਹੈ। ਜੇ ਪ੍ਰਧਾਨ ਮੰਤਰੀ ਦੇ ਮਨ ਵਿਚ ਖਿਡਾਰੀਆਂ ਪ੍ਰਤੀ ਵਾਕਈ ਸਨਮਾਨ ਹੈ ਤਾਂ ਉਨ੍ਹਾਂ ਨੂੰ ਆਪਣੇ ਅਤੇ ਮਰਹੂਮ ਅਰੁਣ ਜੇਤਲੀ ਦੇ ਨਾਂ ਉੱਤੇ ਰੱਖੇ ਕ੍ਰਿਕਟ ਖੇਡ ਮੈਦਾਨਾਂ ਦਾ ਨਾਂ ਵੀ ਨਾਮਵਰ ਖਿਡਾਰੀਆਂ ਦੇ ਨਾਂ ਹੇਠ ਤਬਦੀਲ ਕਰਨ ਦੀ ਨੇਕ ਰਾਜਸੀ ਇੱਛਾ ਸ਼ਕਤੀ ਦਿਖਾਉਣੀ ਚਾਹੀਦੀ ਹੈ ਅਤੇ ਮੇਜਰ ਧਿਆਨ ਚੰਦ ਨੂੰ ਮਰਨ ਉਪਰੰਤ ਭਾਰਤ ਰਤਨ ਪੁਰਸਕਾਰ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
(2)
ਖੇਲ ਰਤਨ ਪੁਰਸਕਾਰ ਦਾ ਨਾਂ ਮੇਜਰ ਧਿਆਨ ਚੰਦ ਦੇ ਨਾਂ ’ਤੇ ਰੱਖਣਾ ਇਸ ਮਹਾਨ ਖਿਡਾਰੀ ਨੂੰ ਸਨਮਾਨ ਦੇਣਾ ਹੈ। ਅਜਿਹੇ ਪੁਰਸਕਾਰ ਸਿਆਸਤਦਾਨਾਂ ਦੀ ਥਾਂ ਉੱਘੇ ਖਿਡਾਰੀਆਂ ਦੇ ਨਾਂ ’ਤੇ ਹੋਣੇ ਚਾਹੀਦੇ ਹਨ। ਉਂਜ ਅਜਿਹਾ ਕਰਦੇ ਸਮੇਂ ਇੱਕਸਾਰਤਾ ਵਾਲੀ ਨੀਤੀ ਅਪਨਾਉਣੀ ਚਾਹੀਦੀ ਹੈ; ਇਹ ਨਹੀਂ ਕਿ ਇਕ ਸਿਆਸਤਦਾਨ ਦਾ ਨਾਂ ਹਟਾ ਕੇ ਕਿਸੇ ਹੋਰ ਦਾ ਨਾਂ ਲਿਖ ਦਿੱਤਾ। ਇਸ ਬਾਰੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
ਤਕਨਾਲੋਜੀ ਦੀ ਦੁਰਵਰਤੋਂ ’ਤੇ ਸਵਾਲ
30 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਅਵੀਜੀਤ ਪਾਠਕ ਨੇ ‘ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ’ ਰਾਹੀਂ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਦੇਸ਼-ਵਿਰੋਧੀ ਗਰਦਾਨੇ ਜਾਣ ਦਾ ਰਾਹ ਹੋਰ ਮੋਕਲਾ ਕਰਨ ਹਿੱਤ ਜਾਸੂਸੀ (ਸੰਭਾਵੀ) ਦੀ ਆਧੁਨਿਕ ਵਿਦੇਸ਼ੀ ਤਕਨਾਲੋਜੀ ਦੀ ਦੁਰਵਰਤੋਂ ’ਤੇ ਜਾਇਜ਼ ਸਵਾਲ ਉਠਾਇਆ ਹੈ। ਲੇਖਕ ਦਾ ਕਹਿਣਾ ਸਹੀ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ/ਸੰਵਿਧਾਨ ਘਾੜਿਆਂ ਦੇ ਸੁਪਨਿਆਂ ਦੇ ਉਲਟ ਜਿਸ ਮਨਹੂਸ ਦੌਰ ਵਿਚੋਂ ਲੰਘ ਰਹੇ ਹਾਂ, ਉਹਨੇ ਹੋਰ ਭਿਆਨਕ ਹੋਈ ਜਾਣਾ ਹੈ, ਜੇਕਰ ਅਸੀਂ ਸਰਕਾਰ ਦੀ ਹਰ ਦਮਨਕਾਰੀ ਨੀਤੀ ਨੂੰ ‘ਨੇਕ ਇਰਾਦਾ’ ਸਮਝ ਕੇ ਪ੍ਰਵਾਨ ਕਰਦੇ ਰਹੇ।
ਅਮਰਜੀਤ ਵੋਹਰਾ, ਰਾਏਕੋਟ (ਲੁਧਿਆਣਾ)