ਚਰਨਜੀਤ ਭੁੱਲਰ
ਚੰਡੀਗੜ੍ਹ, 8 ਅਗਸਤ
ਪੰਜਾਬ ਸਰਕਾਰ ਨੇ ‘ਖੁਰਾਕ ਸਕੈਂਡਲ’ ਮਾਮਲੇ ’ਚ ਦੋ ਉੱਚ ਅਫ਼ਸਰਾਂ ਅਤੇ ਇੱਕ ਫੂਡ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਅੰਮ੍ਰਿਤਸਰ ਰਾਜ ਰਿਸ਼ੀ ਮਹਿਰਾ ਅਤੇ ਉੱਥੋਂ ਦੇ ਪੁਰਾਣੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਜਗਜੀਤ ਕੌਰ ਨੂੰ ਚਾਰਜਸ਼ੀਟ ਜਾਰੀ ਕੀਤੀ ਜਾਣੀ ਹੈ। ਇਸੇ ਤਰ੍ਹਾਂ ਇੱਕ ਹੋਰ ਸੀਨੀਅਰ ਅਧਿਕਾਰੀ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਹੁਣ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਖੁਰਾਕ ਤੇ ਸਪਲਾਈ ਵਿਭਾਗ ਨੇ ਦੂਸਰੇ ਜ਼ਿਲ੍ਹਿਆਂ ਤੋਂ ਟੀਮਾਂ ਭੇਜ ਕੇ ਜੰਡਿਆਲਾ ਗੁਰੂ ਦੇ ਇਲਾਕੇ ਵਿੱਚ ਗੁਪਤ ਥਾਵਾਂ ’ਤੇ ਉਸ ਕਣਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਫੂਡ ਇੰਸਪੈਕਟਰ ਜਸਦੇਵ ਸਿੰਘ ਵੱਲੋਂ ਖੁਰਦ-ਬੁਰਦ ਕੀਤਾ ਗਿਆ ਹੈ।
ਚੇਤੇ ਰਹੇ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਕੇਂਦਰ ਦੇ ਅੱਠ ਗੁਦਾਮਾਂ ਵਿੱਚੋਂ ਕਰੀਬ 20 ਕਰੋੜ ਦੀ ਕਣਕ ਨੂੰ ਸਿਆਸੀ ਰਸੂਖ ਵਾਲੇ ਇੰਸਪੈਕਟਰ ਜਸਦੇਵ ਸਿੰਘ ਨੇ ਖੁਰਦ-ਬੁਰਦ ਕਰ ਦਿੱਤਾ ਹੈ, ਜਿਸ ਦੇ ਹੁਣ ਦੁਬਈ ਵਿੱਚ ਹੋਣ ਦੇ ਚਰਚੇ ਹਨ। ਖੁਰਾਕ ਤੇ ਸਪਲਾਈਜ਼ ਵਿਭਾਗ ਨੇ ਜਸਦੇਵ ਸਿੰਘ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿੱਚ ਪੁਲੀਸ ਕੇਸ ਦਰਜ ਕਰਵਾ ਦਿੱਤਾ ਹੈ। ਜੰਡਿਆਲਾ ਗੁਰੂ ਦੇ ਦਰਜਨਾਂ ਪਿੰਡਾਂ ਵਿੱਚ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਦੇ ਤੀਸਰੇ ਪੜਾਅ ਦੀ ਕਣਕ ਨਾ ਵੰਡੇ ਜਾਣ ਤੋਂ ਮਾਮਲਾ ਸਿਆਸੀ ਰੰਗ ਵੀ ਲੈ ਗਿਆ ਹੈ।
ਖੁਰਾਕ ਤੇ ਸਪਲਾਈ ਵਿਭਾਗ ਨੇ ਹੁਣ ਇੰਸਪੈਕਟਰ ਜਸਦੇਵ ਸਿੰਘ ਤੋਂ ਇਲਾਵਾ ਜੰਡਿਆਲਾ ਗੁਰੂ ਕੇਂਦਰ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਅਮਰਿੰਦਰ ਸਿੰਘ ਅਤੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਅਰਸ਼ਦੀਪ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਵਿਰੋਧੀ ਧਿਰਾਂ ਵੱਲੋਂ ਮਾਮਲੇ ਨੂੰ ਚੁੱਕਣ ਮਗਰੋਂ ਹਾਕਮ ਧਿਰ ਨੇ ਸਖ਼ਤ ਪੈਂਤੜਾ ਲੈਣਾ ਸ਼ੁਰੂ ਕੀਤਾ ਹੈ। ਪੰਜਾਬ ਪੁਲੀਸ ਉਨ੍ਹਾਂ ਪੰਜ ਕਰਿੰਦਿਆਂ ਦੀ ਭਾਲ ਵਿੱਚ ਹੈ, ਜੋ ਕਣਕ ਨੂੰ ‘ਗਾਇਬ’ ਕਰਨ ਵਿੱਚ ਫੂਡ ਇੰਸਪੈਕਟਰ ਦੀ ਮਦਦ ਕਰਦੇ ਸਨ। ਪਤਾ ਲੱਗਾ ਹੈ ਕਿ ਸਾਈਬਰ ਕਰਾਈਮ ਵਿੰਗ ਵੱਲੋਂ ਫਰਾਰ ਫੂਡ ਇੰਸਪੈਕਟਰ ਦੇ ਫੋਨ ਦੀਆਂ ਲੋਕੇਸ਼ਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਚੇਤੇ ਰਹੇ ਕਿ ਫੂਡ ਇੰਸਪੈਕਟਰ ਨੇ ਖੁਦ ਈਮੇਲ ਕਰਕੇ ਮਹਿਕਮੇ ਨੂੰ ਆਖਿਆ ਹੈ ਕਿ ਉਹ ਦੁਬਈ ਵਿੱਚ ਹੈ ਅਤੇ ਉਸ ਦੀ ਗੈਰਹਾਜ਼ਰੀ ਵਿੱਚ ਕੋਈ ਚੈਕਿੰਗ ਨਾ ਕੀਤੀ ਜਾਵੇ। ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਕਿ ਅਚਾਨਕ ਹੀ ਫੂਡ ਇੰਸਪੈਕਟਰ ਜਸਦੇਵ ਸਿੰਘ ਗਾਇਬ ਹੋ ਗਿਆ। ਇਸੇ ਦੌਰਾਨ ਜੰਡਿਆਲਾ ਗੁਰੂ ਕੇਂਦਰ ਦੇ ਇਲਾਕੇ ਵਿੱਚ ਕਣਕ ਦੀ ਸਪੈਸ਼ਲ ਲੱਗਣੀ ਸੀ ਪਰ ਗੁਦਾਮਾਂ ਦੀਆਂ ਚਾਬੀਆਂ ਅਤੇ ਸਾਰਾ ਰਿਕਾਰਡ ਫੂਡ ਇੰਸਪੈਕਟਰ ਕੋਲ ਸੀ। ਜਿਉਂ ਹੀ ਪਤਾ ਲੱਗਾ ਤਾਂ ਖੁਰਾਕ ਤੇ ਸਪਲਾਈ ਵਿਭਾਗ ਨੇ ਸੱਤ ਟੀਮਾਂ ਦਾ ਗਠਨ ਕਰਕੇ ਗੁਦਾਮਾਂ ਦੀ ਚੈਕਿੰਗ ਕਰਵਾਈ, ਜਿਸ ਵਿੱਚ 1.93 ਲੱਖ ਬੋਰੀਆਂ ‘ਗਾਇਬ’ ਮਿਲੀਆਂ, ਜਿਨ੍ਹਾਂ ਵਿੱਚ ਕਰੀਬ 20 ਕਰੋੜ ਰੁਪਏ ਦੀ ਕਣਕ ਸੀ।
ਹੋਰ ਅਫ਼ਸਰਾਂ ਦੀ ਭੂਮਿਕਾ ਵੀ ਪੜਤਾਲ ਰਹੇ ਹਾਂ: ਆਸ਼ੂ
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਅਧਿਕਾਰੀ ਮੁਅੱਤਲ ਕਰ ਦਿੱਤੇ ਹਨ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਨੂੰ ਚਾਰਜਸ਼ੀਟ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਡਵੀਜ਼ਨਲ ਪੱਧਰ ਦੇ ਅਧਿਕਾਰੀਆਂ ਦੀ ਭੂਮਿਕਾ ਵੀ ਦੇਖੀ ਜਾਵੇਗੀ। ਇਹ ਵੀ ਆਖਿਆ ਕਿ ਇਨ੍ਹਾਂ ਸਭ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸਮੇਂ-ਸਮੇਂ ’ਤੇ ਕਣਕ ਦੇ ਭੰਡਾਰਨ ਦੀ ਚੈਕਿੰਗ ਅਤੇ ਅਨਾਜ ਦੀ ਗੁਣਵਤਾ ਚੈੱਕ ਕਰਦੇ।
ਵਿਧਾਇਕ ਜਲਾਲਪੁਰ ਨੇ ਮੋੜਾ ਕੱਟਿਆ
ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅੱਜ ਮੋੜਾ ਕੱਟਦਿਆਂ ਕਿਹਾ ਕਿ ਅਸਲ ਵਿੱਚ ਉਸ ਦਾ ਭਾਣਜਾ ਜਸਦੀਪ ਸਿੰਘ ਹੈ, ਜੋ ਮਾਰਕੀਟ ਕਮੇਟੀ ਅੰਮ੍ਰਿਤਸਰ ਵਿੱਚ ਨੌਕਰੀ ਕਰਦਾ ਹੈ, ਪਰ ਉਹ ਗਲਤੀ ਨਾਲ ਜਸਦੇਵ ਸਿੰਘ ਫੂਡ ਇੰਸਪੈਕਟਰ ਨੂੰ ਆਪਣਾ ਭਾਣਜਾ ਕਬੂਲ ਕਰ ਬੈਠਾ ਸੀ। ਉਨ੍ਹਾਂ ਆਖਿਆ ਕਿ ਉਸ ਨੂੰ ਆਪਣੇ ਭਾਣਜੇ ਦੇ ਪੂਰੇ ਨਾਮ ਦਾ ਨਹੀਂ ਪਤਾ ਸੀ, ਜਿਸ ਕਰਕੇ ਉਹ ਜਸਦੇਵ ਸਿੰਘ ਨੂੰ ਹੀ ਆਪਣਾ ਭਾਣਜਾ ਹੋਣ ਦੀ ਪੁਸ਼ਟੀ ਕਰ ਬੈਠਾ। ਸੂਤਰ ਆਖਦੇ ਹਨ ਕਿ ਜਸਦੇਵ ਸਿੰਘ ਇਸ ਵਿਧਾਇਕ ਦਾ ਦੂਰ ਦਾ ਰਿਸ਼ਤੇਦਾਰ ਹੈ। ਇਸ ਸਬੰਧੀ ਜਲਾਲਪੁਰ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਭਾਈਚਾਰੇ ’ਚ ਕੋਈ ਅੰਗਲੀ-ਸੰਗਲੀ ਹੋ ਸਕਦੀ ਹੈ ਪਰ ਉਸ ਦਾ ਸਕਾ ਭਾਣਜਾ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹੈ।