ਪੱਤਰ ਪ੍ਰੇਰਕ
ਪੰਚਕੂਲਾ, 7 ਅਪਰੈਲ
ਜ਼ਿਲ੍ਹੇ ਵਿੱਚ ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 13 ਤੋਂ 21 ਅਪਰੈਲ ਤੱਕ ਚੇਤ ਮਹੀਨੇ ਦੇ ਨਰਾਤਿਆਂ ਦੇ ਮੇਲਿਆਂ ਵਿੱਚ ਮਾਤਾ ਮਨਸਾ ਦੇਵੀ ਮੰਦਰ ਵਿੱਚ ਪੰਦਰਾਂ ਮਿੰਟਾਂ ਵਿੱਚ 180 ਸ਼ਰਧਾਲੂ ਮੱਥਾ ਟੇਕ ਸਕਣਗੇ। ਉੱਥੇ ਹੀ ਕਾਲਕਾ ਦੇ ਕਾਲੀ ਮਾਤਾ ਮੰਦਰ ਵਿੱਚ ਪੰਦਰਾਂ ਮਿੰਟਾਂ ਵਿੱਚ 120 ਸ਼ਰਧਾਲੂ ਮੱਥਾ ਟੇਕ ਸਕਣਗੇ। ਲਿਫਟ ਰਾਹੀਂ ਦਰਸ਼ਨ ਕਰਨ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਹਰ ਵਿਅਕਤੀ ਨੂੰ 50 ਰੁਪਏ ਦੇਣੇ ਪੈਣਗੇ। ਪੰਚਕੂਲਾ ਦੇ ਡੀਸੀ ਮੁਕੁਲ ਕੁਮਾਰ ਨੇ ਇਸ ਸਬੰਧੀ ਮਿਨੀ ਸਕੱਤਰੇਤ ਵਿੱਚ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮਾਤਾ ਦੇ ਦਰਸ਼ਨਾਂ ਵਾਸਤੇ ਘੱਟ ਲੋਕਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਮਾਤਾ ਮਨਸਾ ਦੇਵੀ ਬੋਰਡ ਸ਼ਰਧਾਲੂਆਂ ਲਈ ਈ-ਟੋਕਨ ਦੀ ਵਿਵਸਥਾ ਕਰੇਗਾ।
ਇਸ ਵਿੱਚ ਸ਼ਰਧਾਲੂਆਂ ਨੂੰ ਮਾਤਾ ਮਨਸਾ ਦੇਵੀ ਦੀ ਵੈੱਬਸਾਈਟ http://www.mansadevi.org.in ’ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।
ਭੰਡਾਰਿਆਂ ’ਤੇ ਪਾਬੰਦੀ
ਪ੍ਰਸ਼ਾਸਨ ਨੇ ਮੇਲੇ ਦੌਰਾਨ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਨੂੰ ਛੱਡ ਕੇ ਕਿਸੇ ਕਿਸਮ ਦੇ ਭੰਡਾਰੇ, ਸੰਸਕ੍ਰਿਤ ਸਮਾਰੋਹ ਤੇ ਮਨੋਰੰਜਨ ਵਾਲੀਆਂ ਗਤੀਵਿਧੀਆਂ ਉੱਤੇ ਪਾਬੰਧੀ ਲਾਈ ਹੈ। ਮੰਦਰ ਨੂੰ ਆਉਣ ਵਾਲੀ ਸੜਕ ’ਤੇ ਪ੍ਰਸ਼ਾਦ ਦੀਆਂ ਦੁਕਾਨਾਂ ਵੀ ਨਹੀਂ ਲੱਗਣਗੀਆਂ। ਮਾਤਾ ਮਨਸਾ ਦੇਵੀ ਬੋਰਡ ਵੱਲੋਂ ਸ਼ਰਧਾਲੂਆਂ ਲਈ 100 ਤੇ 50 ਰੁਪਏ ਦੇ ਪ੍ਰਸ਼ਾਦ ਦਾ ਇੰਤਜਾਮ ਕੀਤਾ ਜਾਵੇਗਾ।