ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 3 ਜੁਲਾਈ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਸਟਿਸ ਐਮ ਐਮ ਕੁਮਾਰ ਨੇ ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ‘ਸੈਕਸ ਲਾਅਜ਼ ਇਨ ਇੰਡੀਆ’ ਪੁਸਤਕ ਦੀ ਘੁੰਡ ਚੁਕਾਈ ਕੀਤੀ। ਰਾਜਸਥਾਨ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਜੇਸੀ ਵਰਮਾ, ਮੱਧ ਪ੍ਰਦੇਸ਼ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਵਿਨੈ ਮਿੱਤਲ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸਿਏਸ਼ਨ ਦੇ ਪ੍ਰਧਾਨ ਐਡਵੋਕੇਟ ਸੰਤੋਖਵਿੰਦਰ ਸਿੰਘ ਗਰੇਵਾਲ (ਨਾਭਾ) ਵੀ ਇਸ ਮੌਕੇ ਮੌਜੂਦ ਸਨ। ਇਸ ਕਿਤਾਬ ਦੇ ਲੇਖਕ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਦੇ ਪ੍ਰਧਾਨ ਸੰਜੀਵ ਜਿੰਦਲ ਅਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਅਭਿਸ਼ੇਕ ਜਿੰਦਲ ਹਨ। ਗੱਲਬਾਤ ਕਰਦਿਆਂ ਸੰਜੀਵ ਜਿੰਦਲ ਤੇ ਅਭਿਸ਼ੇਕ ਜਿੰਦਲ ਨੇ ਦੱਸਿਆ ਕਿ ਇਹ ਕਿਤਾਬ ਕਾਨੂੰਨੀ ਤੇ ਅਕਾਦਮਿਕ ਤਰੀਕੇ ਨਾਲ ਕਾਨੂੰਨ ਜਾਂ ਸੈਕਸ਼ਨ ਵਾਈਜ਼ ਸੈਕਸ ਲਾਅਜ਼ ਬਾਰੇ ਚਰਚਾ ਹੀ ਨਹੀਂ ਕਰਦੀ, ਸਗੋਂ ਇਹ ਦਿਲਚਸਪ ਕਹਾਣੀ ਕਹਿਣ ਦੇ ਤਰੀਕੇ ਨਾਲ ਸੈਕਸ ਲਾਅਜ਼ ਦੀ ਵਿਸ਼ੇ ਵਾਈਜ਼ ਚਰਚਾ ਵੀ ਕਰਦੀ ਹੈ। ਇਸ ਮੌਕੇ ਹਰਿਆਣਾ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਜੇਐਸ ਬੇਦੀ, ਸੀਨੀਅਰ ਐਡਵੋਕੇਟ ਸੁਮਿਤ ਮਹਾਜਨ ਅਤੇ ਕਾਨੂੰਨੀ ਕਿਤਾਬਾਂ ਦੇ ਪ੍ਰਮੁੱਖ ਪ੍ਰਕਾਸ਼ਕ ਚੰਦਰ ਮੋਹਨ ਵੀ ਮੌਜੂਦ ਸਨ।