ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 3 ਜੁਲਾਈ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਹੜ੍ਹਾਂ ਦੇ ਖਤਰੇ ਵਾਲੇ ਖੇਤਰਾਂ ਦਾ ਦੌਰਾ ਕੀਤਾ ਅਤੇ ਹੜ੍ਹਾਂ ਦੀ ਰੋਕਥਾਮ ਸਬੰਧੀ ਜ਼ਮੀਨੀ ਪੱਧਰ ’ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹੋਰ ਲੋੜੀਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ, ਐੱਸਡੀਐੱਮ ਮਨੀਸ਼ਾ ਰਾਣਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਚੰਦਪੁਰ, ਗੱਜਪੁਰ, ਹਰੀਵਾਲ, ਲੋਦੀਪੁਰ, ਬੁਰਜ ਪਿੰਡਾਂ ਦਾ ਦੌਰਾ ਕਰਨ ਦੌਰਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਸੰਭਾਵੀ ਹੜ੍ਹਾਂ ਦੀ ਸਥਿਤੀ ’ਤੇ ਪੂਰੀ ਚੌਕਸੀ ਰੱਖ ਰਿਹਾ ਹੈ। ਪਹਾੜਾਂ ਵਿੱਚ ਹੋਣ ਵਾਲੀ ਭਾਰੀ ਬਰਸਾਤ, ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਅਤੇ ਸਤਲੁਜ ਦਰਿਆਂ ਤੇ ਸਵਾਂ ਨਦੀ ਵਿੱਚ ਪਾਣੀ ਦੇ ਪੱਧਰ ’ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਸਾਲਾਂ ਦੌਰਾਨ ਜਿਹੜੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਉਂਦੇ ਰਹੇ ਹਨ ਅਤੇ ਜਿਹੜੇ-ਜਿਹੜੇ ਖੇਤਰਾਂ ਵਿੱਚ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਸਾਰੇ ਖੇਤਰਾਂ ਤੇ ਥਾਵਾਂ ਵਿੱਚ ਲੋੜੀਦੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਤਲੁਜ ਨੇੜੇ ਵੱਸਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਚੌਕਸੀ ਰੱਖ ਰਿਹਾ ਹੈ ਅਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਦੀਪੁਰ ਬੰਨ੍ਹ ਵੀ ਮਜ਼ਬੂਤ ਸਥਿਤੀ ਵਿੱਚ ਹੈ। ਹੁਣ ਤੱਕ ਹੋਈ ਬਰਸਾਤ ਨਾਲ ਪਾਣੀ ਨਾਮਾਤਰ ਹੈ। ਉਪਰੰਤ ਉਨ੍ਹਾਂ ਬੁਰਜ, ਹਰੀਵਾਲ, ਚੰਦਪੁਰ, ਗੱਜਪੁਰ, ਲੋਦੀਪੁਰ ਦਾ ਵੀ ਦੌਰਾ ਕੀਤਾ ਅਤੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਿਭਾਈ ਜਾਣ ਵਾਲੀ ਡਿਊਟੀ ’ਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।