ਨਿਜੀ ਪੱਤਰ ਪ੍ਰੇਰਕ
ਸੰਗਰੂਰ, 3 ਮਈ
ਡੀਟੀਐਫ਼ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਲੈ ਕੇ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਬਾਹਰ ਕੱਢਣ ਅਤੇ ਰੱਦ ਹੋਈਆਂ ਪ੍ਰੀਖਿਆਵਾਂ ਦੀ ਫੀਸ ਵਿਦਿਆਰਥੀਆਂ ਨੂੰ ਰਿਫੰੰਡ ਕਰਨ ਦੀ ਮੰਗ ਕੀਤੀ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਆਮ ਹਾਲਾਤ ਵਿੱਚ ਮਾਰਚ ਮਹੀਨੇ ਤੱਕ ਬਾਰ੍ਹਵੀਂ ਦੀ ਪ੍ਰੀਖਿਆ ਹੁੰਦੀ ਹੈ ਪਰ ਇਸ ਵਾਰ ਕਰੋਨਾ ਲਾਗ ਕਾਰਣ ਪ੍ਰੀਖਿਆ ਨੂੰ ਅੱਗੇ ਤੋਂ ਅੱਗੇ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਇਸ ਸਕੂਲੀ ਸੈਸ਼ਨ ਦਾ ਬਹੁਤਾ ਹਿੱਸਾ ਸਕੂਲਾਂ ਤੋਂ ਬਾਹਰ ਹੀ ਬੀਤਿਆ ਹੈ। ਹੁਣ ਵੀ ਮਾਰਚ ਮਹੀਨੇ ਤੋਂ ਹੀ ਵਿਦਿਆਰਥੀ ਸਕੂਲੋਂ ਬਾਹਰ ਹਨ ਜਿਸ ਕਾਰਨ ਵਿਦਿਆਰਥੀ ਪ੍ਰੀਖਿਆ ਪ੍ਰਤੀ ਕਾਫੀ ਚਿੰਤਤ ਹਨ ਅਤੇ ਉਹ ਮਾਨਸਿਕ ਦਵੰਦ ਵਿੱਚੋਂ ਲੰਘ ਰਹੇ ਹਨ ਕਿ ਉਨ੍ਹਾਂ ਦੇ ਪੇਪਰ ਹੋਣਗੇ ਵੀ ਕਿ ਨਹੀਂ, ਕਿਉਂਕਿ ਪਹਿਲਾਂ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕੀਤੇ ਜਾਣ ਕਾਰਣ ਉਨ੍ਹਾਂ ਨੂੰ ਵੀ ਕਿਤੇ ਨਾ ਕਿਤੇ ਅਜਿਹੀ ਹੀ ਉਮੀਦ ਹੈ, ਜਿਸ ਕਾਰਣ ਉਨ੍ਹਾਂ ਦਾ ਪੜ੍ਹਾਈ ਨਾਲੋਂ ਰਾਬਤਾ ਟੁੱਟ ਚੁੱਕਾ ਹੈ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਵਿਦਿਆਰਥੀਆਂ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਬਾਰੇ ਫੈਸਲਾ ਲੈ ਕੇ ਵਿਦਿਆਰਥੀਆਂ ਨੂੰ ਮਾਨਸਿਕ ਰਾਹਤ ਦਿੱਤੀ ਜਾਵੇ ਅਤੇ ਰੱਦ ਕੀਤੀਆਂ ਜਾ ਚੁੱਕੀਆਂ ਬੋਰਡ ਪ੍ਰੀਖਿਆਵਾਂ ਦ ਇਕੱਠੀ ਕੀਤੀ ਪ੍ਰੀਖਿਆ ਫ਼ੀਸ, ਫੌਰੀ ਵਿਦਿਆਰਥੀਆਂ ਨੂੰ ਰੀਫੰਡ ਕੀਤੀ ਜਾਵੇ।