ਸ਼ਗਨ ਕਟਾਰੀਆ/ ਦਵਿੰਦਰ ਪਾਲ
ਬਠਿੰਡਾ/ਚੰਡੀਗੜ੍ਹ, 5 ਫਰਵਰੀ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਚਾਰ ਸਾਲਾਂ ’ਚ ਡੱਕਾ ਭੰਨ ਕੇ ਦੂਹਰਾ ਨਾ ਕਰਨ ਵਾਲੀ ਕੈਪਟਨ ਸਰਕਾਰ ਨੂੰ ਕਾਰਪੋਰੇਸ਼ਨ ਅਤੇ ਕੌਂਸਲਾਂ ’ਚ ਹਾਰ ਹੁੰਦੀ ਵਿਖਾਈ ਦੇਣ ’ਤੇ ‘ਚੋਣਾਂ ਲੁੱਟਣ’ ’ਤੇ ਉੱਤਰ ਆਈ ਹੈ। ਉਨ੍ਹਾਂ ਕਈ ਸ਼ਹਿਰਾਂ ’ਚ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਚੋਣ ਕਮਿਸ਼ਨ ਤੋਂ ਉਮੀਦਵਾਰਾਂ ਦੀ ਸੁਰੱਖਿਆ ਅਤੇ ਨੀਮ ਫ਼ੌਜੀ ਦਸਤਿਆਂ ਦੀ ਨਿਗਰਾਨੀ ਹੇਠ ਚੋਣ ਅਮਲ ਨੇਪਰੇ ਚੜਾਉਣ ਦੀ ਮੰਗ ਰੱਖੀ। ਉਨ੍ਹਾਂ ਕਿਸਾਨ ਸੰਘਰਸ਼ ’ਚ ਗਏ ਵੋਟਰਾਂ ਦੀਆਂ ਵੋਟਾਂ ਆਨਲਾਈਨ ਪੁਆਉਣ ਦੀ ਵਕਾਲਤ ਕੀਤੀ। ‘ਝਾੜੂ ਚਲਾਓ ਯਾਤਰਾ’ ਮੁਹਿੰਮ ਦਾ ਸੂਬਾਈ ਪੱਧਰਾ ਆਗ਼ਾਜ਼ ਕਰਨ ਲਈ ਅੱਧੀ ਦਰਜਨ ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਬਠਿੰਡਾ ਆਏ ਸ੍ਰੀ ਚੀਮਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਵਰ੍ਹੇ। ਉਨ੍ਹਾਂ ਕਿਹਾ ਖ਼ਜ਼ਾਨਾ ਮੰਤਰੀ ਨੇ ਵਿਧਾਨ ਸਭਾ ਚੋਣਾਂ ਮੌਕੇ ਕਿਹਾ ਸੀ ਕਿ ਦੋ ਸਾਲਾਂ ’ਚ ਉਹ ਪੰਜਾਬ ਦਾ ਬਜਟ ਸਰਪਲੱਸ ਕਰ ਦੇਣਗੇ ਪਰ ਸਥਿਤੀ ਇਹ ਹੈ ਕਿ ਕਰਜ਼ਾ ਲੈ ਕੇ ਸਰਕਾਰ ਆਪਣਾ ਡੰਗ ਟਪਾ ਰਹੀ ਹੈ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਸਮਰਥਕਾਂ ਵੱਲੋਂ ਬਠਿੰਡਾ ’ਚ ‘ਆਪ’ ਉਮੀਦਵਾਰਾਂ ਦੇ ਪੋਸਟਰ ਅਤੇ ਬੈਨਰ ਕਥਿਤ ਤੌਰ ’ਤੇ ਪਾੜਨ ਦੇ ਦੋਸ਼ ਲਾਏ। ਚੀਮਾ ਨੇ ਵਿੱਤ ਮੰਤਰੀ ਤੋਂ ਫੌਰੀ ਅਸਤੀਫ਼ੇ ਦੀ ਮੰਗ ਵੀ ਕੀਤੀ। ਉਨ੍ਹਾਂ ਸੁਨਾਮ, ਜਗਰਾਓਂ, ਰਾਮਪੁਰਾ ਫੂਲ, ਖੇਮਕਰਨ, ਭਿੱਖੀਵਿੰਡ ਅਤੇ ਜਲਾਲਾਬਾਦ ’ਚ ਚੋਣਾਂ ਸਬੰਧੀ ਹੋਈ ਹਿੰਸਾ ਤੋਂ ਇਲਾਵਾ ‘ਆਪ’ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਲਈ ਕਾਂਗਰਸ ਨੂੰ ਨਿਸ਼ਾਨੇ ’ਤੇ ਲੈ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ‘ਝਾੜੂ ਚਲਾਓ ਯਾਤਰਾ’ ਤਹਿਤ ਕਾਰਪੋਰੇਸ਼ਨ/ਕੌਂਸਲ ਚੋਣਾਂ ਵਾਲੇ ਸ਼ਹਿਰਾਂ ਦੀ ਪਾਰਟੀ ਵਰਕਰ ਖੁਦ ਝਾੜੂ ਚਲਾ ਕੇ ਸਫ਼ਾਈ ਕਰਦਿਆਂ ਭ੍ਰਿਸ਼ਟ ਨਿਜ਼ਾਮ ਦੀ ਤਬਦੀਲੀ ਦਾ ਸੰਕੇਤ ਦੇਣਗੇ। ਇਸ ਮੌਕੇ ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਮੀਤ ਹੇਅਰ, ਪ੍ਰਿੰਸੀਪਲ ਬੁੱਧ ਰਾਮ, ਜਗਤਾਰ ਸਿੰਘ ਜੱਗਾ (ਸਾਰੇ ਵਿਧਾਇਕ) ਤੋਂ ਇਲਾਵਾ ਜ਼ਿਲ੍ਹਾ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ, (ਦਿਹਾਤੀ) ਦੇ ਪ੍ਰਧਾਨ ਗੁਰਜੰਟ ਸਿਵੀਆ ਹਾਜ਼ਰ ਸਨ।